ਅੰਮ੍ਰਿਤਸਰ (ਏਜੰਸੀਆਂ) : ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਕੈਂਬੋਵਾਲ ਵਿਖੇ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ ਤੇ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ ਤਾਂ ਕਿ ਦੇਸ਼ ਦਾ ਅੰਨਦਾਤਾ ਜੋ ਕਿ ਤਕਰੀਬਨ ਇੱਕ ਸਾਲ ਤੋਂ ਸੜਕਾਂ ’ਤੇ ਰੁਲ ਰਿਹਾ ਹੈ, ਸੁੱਖ ਦਾ ਸਾਹ ਲੈ ਸਕੇ।
ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਧਾਰਮਿਕ ਕਾਰਜ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਸਰਾਹਨਾ ਕਰਨੀ ਬਣਦੀ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਵਿਨਰਜੀਤ ਸਿੰਘ ਗੋਲਡੀ, ਸੰਤ ਟੇਕ ਸਿੰਘ ਧਨੌਲਾ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਅਕਾਲੀ ਆਗੂ ਰਾਜਿੰਦਰ ਦੀਪਾ, ਸਰਕਲ ਚੀਮਾ ਦਿਹਾਤੀ ਦੇ ਪ੍ਰਧਾਨ ਜਗਸੀਰ ਸਿੰਘ ਕੋਟਡ਼ਾ, ਯੂਥ ਅਕਾਲੀ ਆਗੂ ਸੰਸਾਰ ਸਿੰਘ ਛਾਜਲੀ ਆਦਿ ਮੌਜੂਦ ਸਨ।