ਨਵੀਂ ਦਿੱਲੀ (ਏਜੰਸੀਆਂ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਉਨ੍ਹਾਂ ਐਤਵਾਰ ਸਵੇਰੇ ਖ਼ੁਦ ਨੂੰ ਇਸ ਖ਼ਤਰਨਾਕ ਵਾਇਰਸ ਨਾਲ ਇਨਫੈਕਟਿਡ ਹੋਣ ਬਾਰੇ ਦੱਸਿਆ ਸੀ। ਹੁਣ ਖ਼ਬਰਾਂ ਹਨ ਕਿ ਅਕਸ਼ੈ ਕੁਮਾਰ ਦੀ ਅਗਲੀ ਫ਼ਿਲਮ 'ਰਾਮ ਸੇਤੂ' ਨਾਲ ਜੁੜੇ 45 ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਉਥੇ ਹੀ ਅਕਸ਼ੈ ਕੁਮਾਰ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਹਾਲ ਹੀ 'ਚ ਅਕਸ਼ੈ ਕੁਮਾਰ ਨੇ ਮੁੰਬਈ 'ਚ ਆਪਣੀ ਅਗਲੀ ਫ਼ਿਲਮ 'ਰਾਮ ਸੇਤੂ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। 5 ਅਪ੍ਰੈਲ ਨੂੰ ਇਕ ਸ਼ਾਨਦਾਰ ਸੀਕਵੇਂਸ ਲਈ, 'ਰਾਮ ਸੇਤੂ' ਦੀ ਸ਼ੂਟਿੰਗ ਮੁੰਬਈ ਦੇ ਮੁਡ ਆਈਲੈਂਡ ਖ਼ੇਤਰ 'ਚ ਲਗਭਗ 75 ਜੂਨੀਅਰ ਕਲਾਕਾਰਾਂ ਅਤੇ ਹੋਰਾਂ ਲੋਕਾਂ ਨਾਲ ਇਕ ਵਿਸ਼ਾਲ ਸੈੱਟ 'ਤੇ ਕੀਤੀ ਜਾਣੀ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਜਦੋਂ ਸਾਰਿਆਂ ਲਈ ਕੋਰੋਨਾ ਟੈਸਟ ਕੀਤਾ ਗਿਆ ਤਾਂ 75 'ਚੋਂ 45 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ।
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨ ਇੰਪਲਾਈਜ਼ (FWICE) ਦੇ ਪ੍ਰਧਾਨ ਬੀ. ਐਨ. ਤਿਵਾੜੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਕਸ਼ੈ ਕੁਮਾਰ ਅਤੇ ਸ਼ੂਟਿੰਗ ਨਾਲ ਜੁੜੇ 45 ਵਿਅਕਤੀਆਂ ਦੇ ਕੋਰਨਾ ਪਾਜ਼ੇਟਿਵ ਹੋਣ ਤੋਂ ਬਾਅਦ ਫਿਲਹਾਲ 'ਰਾਮ ਸੇਤੂ' ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।