23 ਮੌਤਾਂ ਤੇ ਹਜ਼ਾਰਾਂ ਲੋਕ ਹੋਏ ਬੇਘਰ
ਜਕਾਰਤਾ, (ਏਜੰਸੀਆਂ) : ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ’ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਆਏ ਹੜ੍ਹ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਰਾਦਿਤਯ ਜਾਤੀ ਨੇ ਦਸਿਆ ਕਿ ਪੂਰਬੀ ਨੂਸਾ ਤੇਂਗਰਾ ਸੂਬੇ ਦੇ ਫ਼ਲੋਰੇਸ ਟਾਪੂ ਦੇ ਲਮੇਨੇਲੇ ਪਿੰਡ ਦੇ ਕਰੀਬ 50 ਘਰਾਂ ’ਤੇ ਅੱਧੀ ਰਾਤ ਤੋਂ ਬਾਅਦ ਆਲੇ ਦੁਆਲੇ ਦੀਆਂ ਪਹਾੜੀਆਂ ਤੋਂ ਭਾਰੀ ਮਾਤਰਾ ’ਚ ਮਿੱਟੀ ਡਿੱਗਣ ਲੱਗੀ। ਉਨ੍ਹਾਂ ਦਸਿਆ ਕਿ ਬਚਾਅ ਕਾਮਿਆਂ ਨੇ 20 ਲਾਸ਼ਾਂ ਤੇ 9 ਜ਼ਖ਼ਮੀਆਂ ਨੂੰ ਕਢਿਆ ਹੈ।
ਉਯਾਂਗ ਬਿਆਂਗ ਪਿੰਡ ’ਚ ਹੜ੍ਹ ਦੇ ਪਾਣੀ ’ਚ ਰੁੜ੍ਹ ਗਏ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜਾਤੀ ਨੇ ਦਸਿਆ ਕਿ ਵੈਬੁਰਾਕ ਨਾਂ ਦੇ ਇਕ ਹੋਰ ਪਿੰਡ ’ਚ ਰਾਤ ਜ਼ਬਰਦਸਤ ਬਾਰਸ਼ ਤੋਂ ਬਾਅਦ ਹੜ੍ਹ ਆਉਣ ਨਾਲ ਚਾਰ ਲੋਕ ਜ਼ਖ਼ਮੀ ਹੋ ਗਏ ਤੇ ਦੋ ਹੋਰ ਲਾਪਤਾ ਹੋ ਗਏ। ਹੜ੍ਹ ਦਾ ਪਾਣੀ ਪੂਰਬੀ ਫ਼ਲੋਰੇਸ ਜ਼ਿਲ੍ਹੇ ਦੇ ਵੱਡੇ ਹਿੱਸੇ ’ਚ ਵੜ ਗਿਆ ਹੈ, ਜਿਸ ਨਾਲ ਸੈਂਕੜੇ ਘਰ ਪਾਣੀ ’ਚ ਡੁੱਬ ਗਏ ਹਨ ਤੇ ਕੱੁਝ ਘਰ ਤਾਂ ਰੁੜ੍ਹ ਵੀ ਗਏ। ਉਨ੍ਹਾਂ ਦਸਿਆ ਕਿ ਸੈਂਕੜੇ ਲੋਕ ਬਚਾਅ ਮੁੁਹਿੰਮ ’ਚ ਲੱਗੇ ਹੋਏ ਹਨ ਪਰ ਬਿਜਲੀ ਕੱਟਣ, ਸੜਕਾਂ ਰੁਕਣ ਤੇ ਦੂਰ ਦਰਾਡੇ ਦੇ ਇਲਾਕੇ ਹੋਣ ਕਾਰਨ ਸਹਾਇਤਾ ਤੇ ਰਾਹਤ ਪਹੁੰਚਾਉਣ ’ਚ ਮੁਸ਼ਕਲ ਆ ਰਹੀ ਹੈ। ਜਾਤੀ ਨੇ ਦਸਿਆ ਕਿ ਗੁਆਂਢੀ ਸੂਬੇ ਪੱਛਮੀ ਨੂਸਾ ਤੇਂਗਰਾ ਦੇ ਬੀਮਾ ਸ਼ਹਿਰ ’ਚ ਵੀ ਜ਼ਬਰਦਸਤ ਹੜ੍ਹ ਦੀ ਰਿਪੋਰਟ ਮਿਲੀ ਹੈ, ਜਿਸ ਕਾਰਨ ਕਰੀਬ 10 ਹਜ਼ਾਰ ਲੋਕਾਂ ਨੂੰ ਅਪਣੇ ਘਰ ਛਡਣੇ ਪਏ ਹਨ।
ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਦੇ ਤੱਟੀ ਜਲ ਖੇਤਰ ’ਚ ਇਕ ਮਾਲਵਾਹਕ ਜਹਾਜ਼ ’ਤੇ ਮੱਛੀ ਫੜਨ ਵਾਲੀ ਕਿਸ਼ਤੀ ਵਿਚਕਾਰ ਜ਼ਬਰਦਸਤ ਟੱਕਰ ਤੋਂ ਬਾਅਦ 17 ਲੋਕ ਲਾਪਤਾ ਹੋ ਗਏ। ਖੋਜ ਤੇ ਬਚਾਅ ਏਜੰਸੀ ਦੇ ਪ੍ਰਮੁੱਖ ਦੇਦੇਨ ਰਿਦਵਨਸਿਆਹ ਨੇ ਦਸਿਆ ਕਿ ਇੰਦਰਮਾਯੂ ਜ਼ਿਲ੍ਹੇ ਦੇ ਤੱਟੀ ਜਲਖੇਤਰ ’ਚ ਸਨਿਚਰਵਾਰ ਦੇਰ ਰਾਤ ਮੱਛੀ ਫੜਨ ਵਾਲੀ ਇਕ ਕਿਸ਼ਤੀ ਇੰਡੋਨੇਸ਼ੀਆਈ ਮਾਲਵਾਹਕ ਜਹਾਜ਼ ਐੱਮਵੀ ਹਾਬਕੋ ਪਾਓਨਿਯਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਕਿਸ਼ਤੀ ’ਚ 32 ਲੋਕ ਸਵਾਰ ਸਨ। ਸਮੁੰਦਰੀ ਟਰਾਂਸਪੋਰਟ ਡਾਇਰੈਕਟੋਰੇਟ ਦੇ ਬੁਲਾਰੇ ਨੇ ਦਸਿਆ ਕਿ ਕਿਸ਼ਤੀ ’ਚ ਸਵਾਰ 15 ਲੋਕਾਂ ਦੀ ਭਾਲ ਕਰ ਰਹੇ ਹਾਂ।