ਅਕਸ਼ਰ ਪਟੇਲ ਨੂੰ ਹੋਇਆ ਕੋਰੋਨਾ
ਮੁੰਬਈ, (ਏਜੰਸੀ): ਆਈ.ਪੀ.ਐਲ ਦੇ ਸ਼ੁਰੂ ਹੋਣ ਵਿਚ ਮਹਿਜ਼ 5 ਦਿਨ ਬਾਕੀ ਰਹਿ ਗਏ ਹਨ ਪਰ ਉਸ ਤੋਂ ਪਹਿਲਾਂ ਇਸ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਵਲੋਂ ਮਾੜੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਬੀਸੀਸੀਆਈ ਨੇ ਆਈਪੀਐਲ ਲਈ 6 ਸੈਂਟਰ ਬਣਾਏ ਸੀ ਜਿਸ ’ਚ ਮੁੰਬਈ ਦੇ ਕੇਂਦਰ ਤੋਂ ਕੁੱਝ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ 8 ਗਰਾਊਂਡਮੈਨ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਏ ਗਏ ਸੀ ਤੇ ਹੁਣ ਦਿੱਲੀ ਕੈਪੀਟਲਜ਼ ਦੀ ਟੀਮ ਦੇ ਆਲਰਾਊਂਡਰ ਅਕਸ਼ਰ ਪਟੇਲ ਦਾ ਕੋਵਿਡ 19 ਟੈਸਟ ਪਾਜ਼ੇਟਿਵ ਆਇਆ ਹੈ। ਦਿੱਲੀ ਦੀ ਟੀਮ ਵੀ ਇਸ ਸਮੇਂ ਮੁੰਬਈ ’ਚ ਹੈ।
ਦਿੱਲੀ ਕੈਪੀਟਲਜ਼ ਨੂੰ ਅਪਣਾ ਪਹਿਲਾ ਮੈਚ 10 ਅਪ੍ਰੈਲ ਨੂੰ ਚੇਨੱਈ ਸੁਪਰ ਕਿੰਗਜ਼ ਵਿਰੁਧ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਣਾ ਹੈ। ਇਹ ਮੈਚ ਸ਼ੁਰੂ ਹੋਣ ’ਚ ਸਿਰਫ਼ ਸੱਤ ਦਿਨ ਦਾ ਸਮਾਂ ਬਾਕੀ ਹੈ। ਅਜਿਹੇ ’ਚ ਅਕਸ਼ਰ ਪਟੇਲ ਦਾ ਕੋਰੋਨਾ ਪਾਜ਼ੇਟਿਵ ਆਉਣਾ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਅਕਸ਼ਰ ਇਸ ਵੇਲੇ ਆਈਸੋਲੇਸ਼ਨ ’ਚ ਹਨ ਤੇ ਪ੍ਰੋਟੋਕਲ ’ਤੇ ਅਮਲ ਕਰ ਰਹੇ ਹਨ।
ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਨਿਤੀਸ਼ ਰਾਣਾ ਨੂੰ ਵੀ ਕੋਰੋਨਾ ਹੋ ਗਿਆ ਸੀ। ਹਾਲਾਂਕਿ ਨਿਤੀਸ਼ ਰਾਣਾ ਦੀ ਰਿਪੋਰਟ ਨੇਗੇਟਿਵ ਆ ਗਈ ਹੈ ਪਰ ਨਵੇਂ ਖਿਡਾਰੀ ਦਾ ਪਾਜ਼ੇਟਿਵ ਆਉਣਾ ਸਾਰੀਆਂ ਟੀਮਾਂ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ।