ਸੱਭ ਦੀਆਂ ਨਜ਼ਰਾਂ ਨੌਜਵਾਨ ਕਪਤਾਨ ਮਹਿੰਦਰ ਸਿੰਘ ਧੋਨੀ ’ਤੇ ਟਿਕੀਆਂ ਸਨ
ਧੋਨੀ ਦੇ ਸੰਨਿਆਸ ਸਮੇਂ ਗਾਵਸਕਰ ਬੋਲੇ ਸਨ : ਜਦੋਂ ਮੈਂ ਆਖ਼ਰੀ ਸਾਹ ਲਵਾਂ ਤਾਂ ਮੈਨੂੰ ਧੋਨੀ ਦਾ ਜੇਤੂ ਛਿੱਕਾ ਦਿਖਾ ਦੇਣਾ
ਮੁੰਬਈ, (ਏਜੰਸੀ): 2 ਅਪ੍ਰੈਲ 2011 ਨੂੰ ਅੱਜ ਦੇ ਦਿਨ ਭਾਰਤੀ ਕ੍ਰਿਕਟ ਟੀਮ ਨੇ ਦੇਸ਼ ਦੀ ਝੋਲੀ ਵਿਚ ਦੂਜਾ ਵਿਸ਼ਵ ਕੱਪ ਪਾਇਆ ਸੀ। ਦਿਨ ਰਾਤ ਦੇ ਇਸ ਮੈਚ ਨੂੰ ਦੇਖਣ ਲਈ ਫ਼ਾਈਨਲ ’ਚ ਪਹੁੰਚੀਆਂ ਟੀਮਾਂ ਭਾਰਤ ਤੇ ਸ੍ਰੀਲੰਕਾ ਦੇ ਜਿਥੇ ਰਾਸ਼ਟਰਪਤੀ ਵਾਨਖੇੜੇ ਸਟੇਡੀਅਮ ਵਿਚ ਮੌਜੂਦ ਸਨ ਉਥੇ ਹੀ ਭਾਰਤ ਦੀਆਂ ਮਹਾਨ ਹਸਤੀਆਂ ਜਿਨ੍ਹਾਂ ਵਿਚ ਨੇਤਾ ਤੇ ਅਭਿਨੇਤਾ ਸਾਰੇ ਲੋਕ ਸ਼ਾਮਲ ਸਨ, ਮੈਦਾਨ ’ਤੇ ਮੌਜੂਦ ਸਨ।
ਦਿਨ ਰਾਤ ਦੇ ਮੈਚ ਵਿਚ ਮਹਿਮਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਸ਼ੁਰੂਆਤੀ ਓਵਰਾਂ ਵਿਚ ਜ਼ਹੀਰ ਖ਼ਾਨ ਨੇ ਜਿਥੇ ਸਲਾਮੀ ਬੱਲੇਬਾਜ਼ਾਂ ਨੂੰ ਜਕੜੀ ਰਖਿਆ ਉਥੇ ਹੀ ਵਿਕਟ ਵੀ ਝਟਕਾ ਦਿਤੀ। ਸ੍ਰੀਲੰਕਾਈ ਬੱਲੇਬਾਜ਼ਾਂ ਨੇ ਜਿਵੇਂ-ਕਿਵੇਂ ਭਾਰਤ ਅੱਗੇ 275 ਦੌੜਾਂ ਦਾ ਟੀਚਾ ਰਖਿਆ। ਇਸ ਸਕੋਰ ਨੂੰ ਸਨਮਾਨਜਨਕ ਸਕੋਰ ਮੰਨਿਆ ਜਾ ਰਿਹਾ ਸੀ। ਸ੍ਰੀਲੰਕਾ ਦੀ ਪਾਰੀ ਵਿਚ ਮਹਿਲਾ ਜੈਵਰਧਨੇ ਨੇ ਸੈਂਕੜਾ ਲਾਇਆ ਸੀ। ਭਾਰਤੀ ਟੀਮ ਦੀ ਇਸ ਮੈਚ ਵਿਚ ਇਹ ਖ਼ਾਸ਼ੀਅਤ ਰਹੀ ਸੀ ਕਿ ਭਾਰਤ ਨੇ ਫ਼ੀਲਡਿੰਗ ਕਰਦਿਆਂ ਬਹੁਤ ਦੌੜਾਂ ਬਚਾਈਆਂ ਸਨ। ਜੇਕਰ ਫ਼ੀਲਡਿੰਗ ਚੰਗੀ ਨਾ ਹੁੰਦੀ ਤਾਂ ਸ੍ਰੀਲੰਕਾ ਦਾ ਸਕੋਰ 300 ਤੋਂ ਪਾਰ ਹੋਣਾ ਸੀ। ਇਸ ਕ੍ਰਿਸ਼ਮਈ ਫ਼ੀਲਡਿੰਗ ਪਿਛੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਹੱਥ ਸੀ ਜਿਹੜਾ ਕਿ ਆਪ ਵਿਕਟਾਂ ਪਿਛੇ ਕਾਫ਼ੀ ਤੇਜ਼-ਤਰਾਰ ਮੰਨਿਆ ਜਾਂਦਾ ਸੀ।
ਜਿਵੇਂ ਹੀ ਭਾਰਤੀ ਪਾਰੀ ਸ਼ੁਰੂ ਹੋਈ ਤਾਂ ਲੋਕ ਅਜੇ ਚੰਗੀ ਤਰ੍ਹਾਂ ਸੀਟਾਂ ’ਤੇ ਨਹੀਂ ਬੈਠੇ ਸਨ ਕਿ ਭਾਰਤ ਨੂੰ ਸਹਿਵਾਗ ਦੇ ਰੂਪ ’ਚ ਪਹਿਲਾ ਝਟਕਾ ਲੱਗ ਗਿਆ ਤੇ ਉਸ ਵੇਲੇ ਭਾਰਤ ਦਾ ਸਕੋਰ ‘ਜ਼ੀਰੋ’ ਸੀ। ਇਸ ਵਿਕਟ ਤੋਂ ਬਾਅਦ ਦਰਸ਼ਕਾਂ ਨੂੰ ਜਿਵੇਂ ਸੱਪ ਸੁੰਘ ਗਿਆ। ਇਸ ਤੋਂ ਬਾਅਦ ਦੇਸ਼ ਦੀਆਂ ਉਮੀਦਾਂ ਸਚਿਨ ’ਤੇ ਲੱਗੀਆਂ ਹੋਈਆਂ ਸਨ ਪਰ ਘਰੇਲੂ ਭੀੜ ਦਾ ਦਬਾਅ ਸਚਿਨ ਵੀ ਨਾ ਝੱਲ ਸਕਿਆ ਤੇ ਅਪਣੀ ਵਿਕਟ ਖੋ ਬੈਠਾ। ਸ਼ੁਕਰ ਇਹ ਰਿਹਾ ਕਿ ਗੌਤਮ ਗੰਭੀਰ ਟਿਕ ਕੇ ਬੱਲੇਬਾਜ਼ੀ ਕਰਦਾ ਰਿਹਾ। ਉਸ ਦੇ ਨਾਲ ਉਤਰੇ ਵਿਰਾਟ ਕੋਹਲੀ ਨੇ ਕੁੱਝ ਸਮਾਂ ਕਮਾਲ ਦੀ ਖੇਡ ਦਿਖਾਈ ਪਰ ਉਸ ਦੀ ਪਾਰੀ ਵੀ ਲੰਮੀ ਨਾ ਜਾ ਸਕੀ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਦਰਸ਼ਕਾਂ ਨੇ ਮੈਦਾਨ ’ਤੇ ਅਜੀਬ ਬਦਲਾਅ ਦੇਖਿਆ। ਯੁਵਰਾਜ ਸਿੰਘ ਦੀ ਜਗ੍ਹਾ ਮੈਦਾਨ ’ਤੇ ਖ਼ੁਦ ਕਪਤਾਨ ਮਹਿੰਦਰ ਸਿੰਘ ਧੋਨੀ ਉਤਰੇ। ਬਾਅਦ ਵਿਚ ਇਹ ਕਾਰਨ ਦਸਿਆ ਗਿਆ ਕਿ ਉਸ ਸਮੇਂ ਮੁਰਲੀਧਰਨ ਬੱਲੇਬਾਜ਼ਾਂ ਨੂੰ ਤੰਗ ਕਰ ਰਿਹਾ ਸੀ। ਉਸ ਵੇਲੇ ਪੂਰੇ ਭਾਰਤ ਦੀਆਂ ਨਜ਼ਰਾਂ ਨੌਜਵਾਨ ਕਪਤਾਨ ਧੋਨੀ ’ਤੇ ਟਿਕੀਆਂ ਹੋਈਆਂ ਸਨ। ਅੱਜ ਤੋਂ 10 ਸਾਲ ਪਹਿਲਾਂ ਧੋਨੀ ਨੇ ਜਿਸ ਸੂਝ-ਬੂਝ ਨਾਲ ਪਾਰੀ ਖੇਡੀ ਸੀ, ਉਸ ਨੇ ਸਾਰੇ ਭਾਰਤੀਆਂ ਦਾ ਦਿਲ ਜਿੱਤ ਲਿਆ ਸੀ ਤੇ ਧੋਨੀ ਵਲੋਂ ਮੈਚ ਦੇ ਆਖ਼ਰ ’ਤੇ ਮਾਰੇ ਗਏ ਜੇਤੂ ਛਿੱਕੇ ਨੂੰ ਲੋਕ ਲੰਮੇ ਸਮੇਂ ਤਕ ਯਾਦ ਰਖਣਗੇ। ਅੱਜ ਇਕ ਵਾਰ ਫਿਰ ਭਾਰਤ ਦੇ ਲੋਕਾਂ ਨੂੰ ਲੱਖ-ਲੱਖ ਵਧਾਈ।