ਬਿਲਾਸਪੁਰ (ਏਜੰਸੀਆਂ) : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਥਾਣਾ ਕੋਟ ਵਿੱਚ ਇੱਕ ਨਿਹੰਗ ਸਿੰਘ ਵਿਰੁਧ ਧਾਰਾ 307 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਨਿਹੰਗ ਸਿੰਘ ਨੂੰ ਪੁਲਿਸ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਜੰਗਲ ਵਿੱਚੋਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਨਿਹੰਗ ਸਿੰਘ ਵਾਰਦਾਤ ਤੋਂ ਬਾਅਦ ਭੱਜ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਬਿਲਾਸਪੁਰ ਦੇ ਸਵਰਘਾਟ ਸਬ ਡਿਵੀਜ਼ਨ ਦੇ ਪਿੰਡ ਮੰਡਿਆਲਾ ਨੇਡ ਇਹ ਘਟਨਾ ਵਾਪਰੀ ਹੈ।
ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਨਿਹੰਗ ਸਿੰਘ ਪੈਦਲ ਜਾ ਰਿਹਾ ਸੀ। ਜਦੋਂ ਉਸ ਦੇ ਕੋਲੋਂ ਸਕੂਟਰੀ ਸਵਾਰ ਲੰਘਣ ਲੱਗਾ ਤਾਂ ਨਿਹੰਗ ਸਿੰਘ ਨੇ ਉਸ ਤੋਂ ਲਿਫਟ ਮੰਗੀ ਪਰ ਉਸ ਨੇ ਨਾਂਹ ਕਰ ਦਿੱਤੀ। ਜਿਸ ਕਰ ਕੇ ਨਿਹੰਗ ਸਿੰਘ ਗੁਸੇ ਵਿਚ ਆ ਗਿਆ ਅਤੇ ਉਸ ਨੇ ਕਿਰਪਾਨ ਨਾਲ ਵਾਰ ਕਰ ਦਿੱਤਾ। ਜਿਸ ਨਾਲ ਸਕੂਟਰੀ ਵਾਲੇ ਨੌਜਵਾਨ ਦੀਆਂ ਉਂਗਲਾਂ ਕੱਟ ਗਈਆਂ। ਜਦ ਕਿ ਦੂਸਰੇ ਵਿਅਕਤੀ ਦੀ ਬਾਂਹ ਉੱਤੇ ਸੱਟ ਲੱਗੀ ਹੈ। ਇਸ ਤੋਂ ਬਾਅਦ ਨਿਹੰਗ ਸਿੰਘ ਭੱਜ ਗਿਆ ਅਤੇ ਸਕੂਟਰੀ ਵਾਲੇ ਨੇ ਪੁਲਿਸ ਬੁਲਾ ਲਈ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨਿਹੰਗ ਸਿੰਘ ਨੂੰ ਜੰਗਲ ਵਿੱਚੋਂ ਕਾਬੂ ਕਰ ਲਿਆ।