ਉਗਾਦੋਗੋ : ਉਤਰੀ ਬੁਰਕੀਨਾ ਫਾਸੋ ਦੇ ਦਾਬਲੋ ਵਿਚ ਬੀਤੇ ਦਿਨ ਕੁੱਝ ਬੰਦੂਕਧਾਰੀਆਂ ਨੇ ਇਕ ਚਰਚ 'ਤੇ ਹਮਲਾ ਕਰ ਕੇ ਪਾਦਰੀ ਸਮੇਤ ਪ੍ਰਾਰਥਨਾ ਕਰ ਰਹੇ ਪੰਜ ਹੋਰ ਵਿਅਕਤੀਆਂ ਦਾ ਕਤਲ ਕਰ ਦਿਤਾ। ਸੁਰੱਖਿਆ ਮੁਲਾਜ਼ਮਾਂ ਅਤੇ ਸਥਾਨਕ ਅਧਿਕਾਰੀਆਂ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ।
ਦਾਬਲੋ ਦੇ ਮੇਅਰ ਉਸਮਾਨੇ ਜੋਂਗੋ ਨੇ ਕਿਹਾ ਕਿ ਪ੍ਰਾਰਥਨਾ ਦੌਰਾਨ ਸਵੇਰੇ ਲਗਭਗ 9 ਵਜੇ ਕੁੱਝ ਹਥਿਆਰਬੰਦ ਲੋਕਾਂ ਨੇ ਚਰਚ 'ਤੇ ਹਮਲਾ ਕਰ ਦਿਤਾ। ਜਦ ਲੋਕਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿਤੀਆਂ। ਉਨ੍ਹਾਂ ਦਸਿਆ ਕਿ ਸੁਰੱਖਿਆ ਬਲਾਂ ਅਨੁਸਾਰ ਹਮਲਾਵਰ ਲਗਭਗ 20 ਤੋਂ 30 ਸਨ ਜਿਨ੍ਹਾਂ ਨੇ ਕੁੱਝ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਬੰਦੂਕਧਾਰੀਆਂ ਨੇ ਚਰਚ, ਕੁੱਝ ਦੁਕਾਨਾਂ ਅਤੇ ਇਕ ਕੈਫ਼ੇ ਨੂੰ ਅੱਗ ਲਗਾ ਦਿਤੀ। ਇਸ ਤੋਂ ਬਾਅਦ ਉਹ ਸਿਹਤ ਕੇਂਦਰ ਗਏ ਤੇ ਉਸ ਨੂੰ ਲੁਟਿਆ ਅਤੇ ਇਕ ਨਰਸ ਦੇ ਵਾਹਨ ਨੂੰ ਅੱਗ ਲਗਾ ਦਿਤੀ।