ਟੈਨੇਸੀ, (ਅਮਰੀਕਾ) : ਅਮਰੀਕੀ ਸੂਬੇ ਟੈਨੇਸੀ ਦੇ ਖੇਤਰਾਂ ਵਿੱਚ ਆਏ ਹੜ੍ਹਾਂ ਨੇ ਆਮ ਜਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ ਚਾਰ ਲੋਕਾਂ ਦੀ ਜਾਨ ਵੀ ਲਈ ਹੈ। ਜਾਣਕਾਰੀ ਅਨੁਸਾਰ ਇਸ ਹਫਤੇ ਦੇ ਅੰਤ ਵਿੱਚ, ਟੈਨੇਸੀ ਦੇ ਨੈਸ਼ਵਿਲ ਵਿੱਚ 7 ਇੰਚ ਬਾਰਸ਼ ਦੇ ਬਾਅਦ ਹੜ੍ਹਾਂ ਕਾਰਨ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋਈ ਹੈ ਅਤੇ 130 ਹੋਰ ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਸੰਬੰਧੀ ਨੈਸ਼ਵਿਲ ਪੁਲਿਸ ਨੇ ਸੇਡਾਨ ਵਿੱਚ ਮਰੇ ਹੋਏ ਇੱਕ ਵਿਅਕਤੀ ਦੀ ਭਾਲ ਕੀਤੀ ਜੋ ਨਦੀ ਦੇ ਓਵਰਫਲੋਅ ਵਿੱਚ ਡੁੱਬਿਆ ਹੋਇਆ ਸੀ , ਜਦਕਿ ਇੱਕ ਹੋਰ ਵਿਅਕਤੀ ਨੂੰ ਗੋਲਫ ਕੋਰਸ ਵਿੱਚ ਮ੍ਰਿਤਕ ਪਾਇਆ ਗਿਆ। ਪੁਲਿਸ ਦਾ ਮੰਨਣਾ ਹੈ ਕਿ ਉਹ ਉੱਚੇ ਪਾਣੀ ਨਾਲ ਵਹਿ ਗਿਆ ਸੀ। ਇਸਦੇ ਇਲਾਵਾ ਦੋ ਹੋਰ ਹੜ੍ਹ ਪੀੜਤਾਂ, ਇੱਕ ਆਦਮੀ ਅਤੇ ਇੱਕ ਔਰਤ ਦੀ ਲਾਸ਼, ਦੱਖਣੀ ਨੈਸ਼ਵਿਲ ਦੇ ਇੱਕ ਜੰਗਲੀ ਖੇਤਰ ਵਿੱਚ ਬੇਘਰੇ ਕੈਂਪ ਦੇ ਨਜ਼ਦੀਕ ਮਿਲੀ।ਇੰਨਾ ਹੀ ਨਹੀਂ ਤਕਰੀਬਨ 700, 000 ਵਸੋਂ ਵਾਲਾ ਇਹ ਸ਼ਹਿਰ ਐਤਵਾਰ ਤੱਕ ਰਾਸ਼ਟਰੀ ਮੌਸਮ ਸੇਵਾ ਦੁਆਰਾ ਜਾਰੀ ਹੜ੍ਹ ਦੀ ਚੇਤਾਵਨੀ ਦੇ ਅਧੀਨ ਰਿਹਾ। ਹੜ੍ਹਾਂ ਕਾਰਨ ਅੱਗ ਬੁਝਾਊ ਵਿਭਾਗ ਅਤੇ ਜਲ ਬਚਾਅ ਟੀਮਾਂ ਨੇ ਘੱਟੋ ਘੱਟ 130 ਲੋਕਾਂ ਨੂੰ ਕਾਰਾਂ ਅਤੇ ਘਰਾਂ ਵਿੱਚੋਂ ਸੁਰੱਖਿਅਤ ਬਚਾਇਆ ਹੈ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਹੜ੍ਹਾਂ ਨਾਲ ਚਿੱਕੜ ਹੋ ਰਹੀ ਹੈ ਅਤੇ ਲੋਕ ਘਰਾਂ ਵਿੱਚ ਫਸੇ ਹੋਏ ਹਨ।ਨੈਸ਼ਵਿਲ ਦੀਆਂ ਜਲ ਸੇਵਾਵਾਂ ਨੇ ਦੱਸਿਆ ਕਿ ਸ਼ਹਿਰ ਦੇ ਦੱਖਣ ਵਿੱਚ ਹਰਪੇਥ ਨਦੀ ਦੇ ਕੁੱਝ ਹਿੱਸੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਇਹਨਾਂ ਦਾ ਲੈਵਲ ਅਜੇ ਵੀ ਵਧ ਸਕਦਾ ਹੈ।