ਮੁੰਬਈ, (ਏਜੰਸੀ) : ਦੇਸ਼ ਵਿਚ ਕੋਰੋਨਾ ਮਹਾਮਾਰੀ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਦੌਰਾਨ ਇਕ-ਇਕ ਕਰ ਕੇ ਵੱਡੀਆਂ ਹਸਤੀਆਂ ਵੀ ਇਸ ਦੀ ਲਪੇਟ ਵਿਚ ਆਉਂਦੀਆਂ ਜਾ ਰਹੀਆਂ ਹਨ। ਤਾਜ਼ਾ ਖ਼ਬਰ ਕ੍ਰਿਕਟ ਦੀ ਦੁਨੀਆਂ ਤੋਂ ਹੈ। ਇਥੇ ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੂਸਫ਼ ਪਠਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਯੂਸੁਫ਼ ਨੇ ਅਪਣੇ ਟਵਿੱਟਰ ਹੈਂਡਲ ਜ਼ਰੀਏ ਇਹ ਜਾਣਕਾਰੀ ਦਿਤੀ। ਯੂਸਫ਼ ਨੇ ਟਵਿੱਟਰ ’ਤੇ ਲਿਖਿਆ ਕਿ ਮੈਂ ਹਲਕੇ ਲੱਛਣਾਂ ਨਾਲ ਕੋਰੋਨਾ ਪਾਜ਼ੇਟਿਵ ਆਇਆ ਹਾਂ। ਮੈਂ ਅਪਣੇ-ਆਪ ਨੂੰ ਘਰ ਵਿਚ ਕੁਆਰੰਟਾਈਨ ਕਰ ਲਿਆ ਹੈ ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਤੇ ਜ਼ਰੂਰੀ ਦਵਾਈਆਂ ਲੈ ਰਿਹਾ ਹਾਂ। ਮੇਰੀ ਉਨ੍ਹਾਂ ਲੋਕਾਂ ਨੂੰ ਬੇਨਤੀ ਹੈ ਕਿ ਜਿਹੜੇ ਮੇਰੇ ਸੰਪਰਕ ਵਿਚ ਆਏ ਹਨ, ਉਹ ਜਲਦ ਤੋਂ ਜਲਦ ਜਾਂਚ ਕਰਵਾਉਣ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਖ਼ਬਰ ਆਈ ਸੀ ਕਿ ਸਚਿਨ ਤੇਂਦੁਲਕਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।