ਸ੍ਰੀ ਅਨੰਦਪੁਰ ਸਾਹਿਬ : ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਜੋੜ ਮੇਲੇ ਹੋਲਾ ਮਹੱਲਾ ਦੀ ਖ਼ਾਲਸਾ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਖਾਲਸਾਈ ਪ੍ਰੰਪਰਾਗਤ ਰਿਵਾਜਾਂ ਨਾਲ ਆਰੰਭਤਾ ਹੋਈ। ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਵੱਲੋਂ ਤਖ਼ਤ ਸ੍ਰੀ ਕੇਸਗੜ੍ਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਮੁਬਾਰਕਬਾਦ ਦਿੱਤੀ ਅਤੇ ਸਿੱਖ ਇਤਿਹਾਸ ਵਿੱਚ ਹੋਲੇ ਮਹੱਲੇ ਦੀ ਮਹੱਤਤਾ ਦਾ ਵਿਸਥਾਰ ਨਾਲ ਵਰਣਨ ਕੀਤਾ। ਹੋਲੇ ਮਹੱਲੇ ਦੌਰਾਨ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਕੀਰਤਨ ਦਰਬਾਰ ਹੋਣਗੇ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਦੇ ਨਿਰਧਾਰਤ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਕਵੀ ਦਰਬਾਰ ਤੇ ਢਾਡੀ ਦਰਬਾਰ ਵੀ ਹੋਵੇਗਾ। 29 ਮਾਰਚ ਨੂੰ ਰਵਾਇਤੀ ਮਹੱਲਾ ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਸਵੇਰੇ 11.30 ਵਜੇ ਆਰੰਭ ਹੋ ਕੇ ਕਿਲਾ ਅਨੰਦਗੜ ਸਾਹਿਬ ਅਤੇ ਕਿਲਾ ਹੋਲਗੜ ਸਾਹਿਬ ਸਮੇਤ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਸਮਾਪਤ ਹੋਵੇਗਾ। ਮੇਲੇ ਦੌਰਾਨ ਤਖ਼ਤ ਸਾਹਿਬ ਵਿਖੇ ਲਗਾਤਾਰ ਅੰਮਿ੍ਰਤ ਸੰਚਾਰ ਹੋਵੇਗਾ । ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਫੁੂਲਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪਿ੍ਰੰਸੀਪਲ ਸੁਰਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਜਥੇਦਾਰ ਰਾਮ ਸਿੰਘ, ਮਾਸਟਰ ਹਰਜੀਤ ਸਿੰਘ ਅਚਿੰਤ, ਪ੍ਰਚਾਰਕ ਲਵਪ੍ਰੀਤ ਸਿੰਘ, ਹਰਦੇਵ ਸਿੰਘ ਪ੍ਰਮੁੱਖ ਤੌਰ ਤੇ ਹਾਜ਼ਰ ਸਨ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਪਹਿਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ ਵਿਚ ਰੰਗਿਆ ਗਿਆ। ਖ਼ਾਲਸਾ ਪੰਥ ਦੀ ਜਨਮ ਸਥਲੀ ਤਖ਼ਤ ਸ੍ਰੀ ਕੇਸਗੜ ਸਾਹਿਬ ਸਮੇਤ ਗੁਰਦੁਆਰਾ ਸੀਸਗੰਜ ਸਾਹਿਬ, ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ, ਕਿਲਾ ਅਨੰਦਗੜ ਸਾਹਿਬ, ਕਿਲਾ ਫ਼ਤਿਹਗੜ ਸਾਹਿਬ, ਕਿਲਾ ਹੋਲਗੜ ਸਾਹਿਬ, ਕਿਲਾ ਲੋਹਗੜ ਸਾਹਿਬ ਅਤੇ ਕਿਲਾ ਤਾਰਾਗੜ ਸਾਹਿਬ ਆਦਿ ਵਿਖੇ ਸਾਰਾ ਦਿਨ ਵੱਡੀ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼, ਵਾਹਨਾਂ ਦੀ ਪਾਰਕਿੰਗ, ਜੋੜੇ ਘਰ, ਗਠੜੀ ਘਰ ਅਤੇ ਲੰਗਰ ਪਾਣੀ ਦੇ ਵਿਸੇਸ ਪ੍ਰਬੰਧ ਕੀਤੇ ਗਏ ਹਨ। ਮੇਲੇ ਦੌਰਾਨ ਸ਼ਰਾਰਤੀ ਅਨਸਰ ਮਾੜੇ ਕੰਮਾਂ ਨੂੰ ਅੰਜਾਮ ਨਾ ਦੇ ਸਕਣ, ਇਸ ਲਈ ਉਨ੍ਹਾਂ ਤੇ ਤਿੱਖੀ ਨਜ਼ਰ ਰੱਖਣ ਦੇ ਮੰਤਵ ਨਾਲ ਵੱਖ ਵੱਖ ਥਾਵਾਂ ਤੇ ਭਾਰੀ ਗਿਣਤੀ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।