ਪੂਣੇ (ਏਜੰਸੀ): ਬੀਤੇ ਦਿਨ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਇਕ ਰੋਜ਼ਾ ਮੈਚ ਖੇਡਿਆ ਗਿਆ ਜਿਸ ਵਿਚ ਕਈ ਅਜੀਬੋ ਗ਼ਰੀਬ ਰਿਕਾਰਡ ਬਣੇ। ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁਧ ਦੂਜੇ ਵਨਡੇ ਵਿਚ ਅਰਧ ਸੈਂਕੜਾ ਬਣਾ ਕੇ ਇਕ ਖ਼ਾਸ ਰਿਕਾਰਡ ਬਣਾਇਆ। ਉਹ ਨੰਬਰ 3 ’ਤੇ ਬੱਲੇਬਾਜ਼ੀ ਕਰ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਵਨਡੇ ਇਤਿਹਾਸ ਦੇ ਦੂਜੇ ਅਤੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਕਾਰਨਾਮਾ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਕਰ ਚੁਕੇ ਹਨ। ਕੋਹਲੀ ਨੇ ਇੰਗਲੈਂਡ ਵਿਰੁਧ ਦੂਜੇ ਵਨਡੇ ਵਿਚ 79 ਗੇਂਦਾਂ ’ਤੇ 66 ਦੌੜਾਂ ਦੀ ਪਾਰੀ ਖੇਡੀ ।
ਉਥੇ ਹੀ ਇੰਗਲੈਂਡ ਨੇ ਅਪਣੀ ਪਾਰੀ ਦੌਰਾਨ ਕੁਲ 20 ਛਿੱਕੇ ਲਗਾਏ। ਉਸ ਨੇ ਭਾਰਤ ਵਿਰੁਧ ਇਕ ਵਨਡੇ ’ਚ ਸੱਭ ਤੋਂ ਜ਼ਿਆਦਾ ਛਿੱਕੇ ਲਗਾਉਣ ਦੇ ਦਖਣੀ ਅਫ਼ਰੀਕਾ ਦੇ ਰਿਕਾਰਡ ਦਾ ਮੁਕਾਬਲਾ ਕੀਤਾ। ਉਥੇ ਹੀ ਰਿਸ਼ਭ ਪੰਤ ਨੇ ਇਕ ਪਾਰੀ ਵਿਚ ਸੱਭ ਤੋਂ ਜ਼ਿਆਦਾ ਸਟਰਾਇਕ ਰੇਟ ਨਾਲ 75+ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ। ਇਸ ਮਾਮਲੇ ਵਿਚ ਉਸ ਨੇ ਕੋਹਲੀ ਨੂੰ ਪਿੱਛੇ ਛੱਡ ਦਿਤਾ।
ਇਸ ਤੋਂ ਇਲਾਵਾ ਭਾਰਤੀ ਸਪਿੰਨਰ ਕੁਲਦੀਪ ਯਾਦਵ ਸੱਭ ਤੋਂ ਵੱਧ ਛਿੱਕੇ ਖਾਣ ਵਾਲੇ ਗੇਂਦਬਾਜ਼ ਵੀ ਬਣੇ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਕੁਲਦੀਪ ਯਾਦਵ ਦੀਆਂ ਗੇਂਦਾਂ ਉੱਤੇ 8 ਛਿੱਕੇ ਲਗਾਏ। ਇਸ ਤੋਂ ਪਹਿਲਾਂ 2011 ਵਿਨੇ ਕੁਮਾਰ ਨੂੰ ਆਸਟਰੇਲੀਆ ਦੇ ਬੱਲੇਬਾਜ਼ਾਂ ਨੇ 7 ਛਿੱਕੇ ਜੜੇ ਸਨ।
ਇਸ ਮੈਚ ਵਿਚ ਕੁੱਲ 34 ਛਿੱਕੇ ਲੱਗੇ ਜਿਸ ਵਿਚੋਂ 20 ਇੰਗਲੈਂਡ ਤੇ 14 ਭਾਰਤੀ ਬੱਲੇਬਾਜ਼ਾਂ ਨੇ ਲਾਏ। ਇਸ ਤੋਂ ਪਹਿਲਾਂ ਦਖਣੀ ਅਫ਼ਰੀਕਾ ਨੇ ਭਾਰਤ ਵਿਰੁਧ 20 ਛਿੱਕੇ ਲਾਏ ਸਨ ਤੇ 2013 ਵਿਚ ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਭਾਰਤ ਵਿਰੁਧ 19 ਛਿੱਕੇ ਲਾਏ ਸਨ।