ਰਿਚਮੰਡ (ਏਜੰਸੀਆਂ) : ਅਮਰੀਕਾ ਦੇ ਸੂਬੇ ਵਰਜੀਨੀਆ ’ਚ ਦੋ ਵਾਰ ਗੋਲੀਬਾਰੀ ਹੋਈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਾਤ 11.24 ਵਜੇ ਪਹਿਲੀ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਸੀ। ਦਸਦਈਏ ਕਿ ਇਹ ਵਾਰਦਾਤ ਸਮੁੰਦਰ ਕੰਢੇ ਵਾਪਰੀ ਅਤੇ ਹੁਣ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਜੀਨੀਆ ਬੀਚ ਪੁਲਿਸ ਦੇ ਮੁਖੀ ਪੌਲ ਨਿਊਡਿਗ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬੀਚ ਦੇ ਨੇੜਲੇ ਇਲਾਕੇ ਵਿੱਚ ਘੱਟ ਤੋਂ ਘੱਟ ਤਿੰਨ ਅਪਰਾਧਕ ਘਟਨਾਵਾਂ ਵਾਪਰੀਆਂ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਤਾਂ ਨਹੀਂ ਹੈ?
ਪਹਿਲੀ ਘਟਨਾ ਵਿੱਚ ਅਟਲਾਂਟਿਕ ਐਵੇਨਿਊ ’ਚ ਅੱਠ ਲੋਕਾਂ ਨੂੰ ਗੋਲੀ ਲੱਗਣ ਦੀ ਖ਼ਬਰ ਹੈ। ਜਿਵੇਂ ਹੀ ਇਸ ਘਟਨਾ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪਰ ਇਸ ਤੋਂ ਤੁਰੰਤ ਬਾਅਦ ਪੱਛਮੀ ਇਲਾਕੇ ’ਚ ਗੋਲੀਆਂ ਚੱਲੀਆਂ। ਇਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਉਣ ਵਾਲੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਨੇੜਲੇ ਇਲਾਕੇ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਾਪਰੀ, ਜਿਸ ਵਿੱਚ ਇੱਕ ਹੋਰ ਸ਼ਖਸ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਦਾ ਅਜਿਹਾ ਮੰਨਣਾ ਹੈ ਕਿ ਇਹ ਵਾਲਾ ਮਾਮਲਾ ਇਸ ਤੋਂ ਪਹਿਲਾਂ ਹੋਏ ਮਾਮਲਿਆਂ ਨਾਲ ਸਬੰਧਤ ਨਹੀਂ ਹੈ। ਇਸ ਹਿੰਸਾ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਕਾਰ ਨਾਲ ਟਕਰਾ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ, ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਕਈ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।