ਲੜੀ 1-1 ਨਾਲ ਬਰਾਬਰ ਹੋਈ, ਅਗਲਾ ਮੈਚ 28 ਨੂੰ
ਪੂਣੇ (ਏਜੰਸੀ): ਭਾਰਤ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਇਕ ਰੋਜ਼ਾ ਲੜੀ ਦੇ ਦੂਜੇ ਮੈਚ ਵਿਚ ਇੰਗਲੈਂਡ ਨੇ ਜਿੱਤ ਹਾਸਲ ਕਰ ਕੇ ਲੜੀ ਦੇ ਰੁਮਾਂਚ ਨੂੰ ਬਰਕਰਾਰ ਕਰ ਦਿਤਾ ਹੈ। ਇਸ ਤਰ੍ਹਾਂ ਇਕ ਰੋਜ਼ਾ ਲੜੀ 1-1 ਨਾਲ ਬਰਾਬਰ ਹੋ ਗਈ ਤੇ ਹੁਣ ਦੋਵੇਂ ਟੀਮਾਂ 28 ਮਾਰਚ ਨੂੰ ਇਕ-ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰਨਗੀਆਂ। ਇੰਗਲੈਂਡ ਨੇ ਇਹ ਮੈਚ 44ਵੇਂ ਓਵਰ ਵਿਚ 6 ਵਿਕਟਾਂ ਨਾਲ ਜਿੱਤ ਲਿਆ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ ਤੇ ਭਾਰਤ ਨੇ ਨਿਰਧਾਰਤ 50 ਓਵਰਾਂ ਵਿਚ ਇੰਗਲੈਂਡ ਨੂੰ 337 ਦੌੜਾਂ ਦਾ ਟੀਚਾ ਦਿਤਾ। ਕਪਤਾਨ ਮਾਰਗਨ ਦੀ ਗ਼ੈਰ ਮੌਜੂਦਗੀ ਵਿਚ ਕਪਤਾਨੀ ਕਰ ਰਹੇ ਜੋਸ ਬਟਲਰ ਨੇ ਸ਼ੁਰੂ ਵਿਚ ਭਾਰਤੀ ਓਪਨਰਾਂ ’ਤੇ ਲਗਾਮ ਲਾਈ ਰੱਖੀ। ਜਿਸ ਕਾਰਨ ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਪਹਿਲੇ ਪਾਵਰ ਪਲੇਅ ਵਿਚ ਹੀ ਪੈਵੇਲੀਅਨ ਪਹੁੰਚ ਗਏ। ਧਵਨ ਨੇ 4 ਤੇ ਰੋਹਿਤ ਨੇ 25 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਕੋਹਲੀ ਤੇ ਕੇ.ਐਲ ਰਾਹੁਲ ਵਿਚਕਾਰ ਵੱਡੀ ਸਾਂਝੇਦਾਰੀ ਹੋਈ। ਕੋਹਲੀ ਨੇ 66 ਦੌੜਾਂ ਤੇ ਰਾਹੁਲ ਨੇ 108 ਦੌੜਾਂ ਦੀ ਪਾਰੀ ਖੇਡੀ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਕਰੀਜ਼ ’ਤੇ ਆਏ ਰਿਸ਼ਭ ਪੰਤ ਨੇ ਹਮਲਾਵਰ ਰੁਖ਼ ਅਪਣਾਇਆ ਤੇ ਕੇਵਲ 40 ਗੇਂਦਾਂ ਵਿਚ 77 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿਚ 7 ਛਿੱਕੇ ਤੇ 3 ਚੌਕੇ ਸ਼ਾਮਲ ਸਨ। ਹਾਰਦਿਤ ਪਾਂਡਿਆ ਨੇ 35 ਤੇ ਕੁਨਾਲ ਪਾਂਡਿਆ ਨੇ 12 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਟਾਪਲੇ ਤੇ ਟਾਮ ਕਰਨ ਨੇ 2-2 ਵਿਕਟਾਂ ਲਈਆਂ ਤੇ ਸੈਮ ਕਰਨ ਤੇ ਆਦਿਲ ਰਾਸ਼ਿਦ ਨੂੰ 1-1 ਵਿਕਟ ਮਿਲੀ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਠੋਸ ਸ਼ੁਰੂਆਤ ਕੀਤੀ ਤੇ ਪਹਿਲੀ ਵਿਕਟ 110 ਦੇ ਸਕੋਰ ’ਤੇ ਡਿੱਗੀ ਤੇ ਜੈਸਨ ਰਾਏ 55 ਦੌੜਾਂ ਬਣਾ ਕੇ ਆਊਟ ਹੋਇਆ। ਇਸੇ ਦੌਰਾਨ ਜੌਨੀ ਬੈਸਟਰੋ ਨੇ 95 ਗੇਂਦਾਂ ਵਿਚ ਅਪਣਾ ਸੈਂਕੜਾ ਪੂਰਾ ਕੀਤਾ ਤੇ ਇੰਗਲੈਂਡ ਦਾ ਸਕੋਰ ਵੀ ਇਕ ਵਿਕਟ ਦੇ ਨੁਕਸਾਨ ’ਤੇ 200 ਹੋ ਗਿਆ। ਇਸੇ ਦੌਰਾਨ ਬੇਨ ਸਟੋਕਸ ਨੇ ਧਾਕੜ ਬੱਲੇਬਾਜ਼ੀ ਕਰਦਿਆਂ 52 ਗੇਂਦਾਂ ਵਿਚ 99 ਦੌੜਾਂ ਬਣਾਈਆਂ ਜਿਸ ਵਿਚ 10 ਛਿੱਕੇ ਤੇ 4 ਚੌਕੇ ਸ਼ਾਮਲ ਸਨ। ਬੇਨ ਸਟੋਕਸ ਦੇ ਆਊਟ ਹੁੰਦਿਆਂ ਹੀ ਜੌਨੀ ਬੈਸਟਰੋ ਵੀ 124 ਦੌੜਾਂ ਬਣਾ ਕੇ ਆਊਟ ਹੋ ਗਿਆ ਤੇ ਮੈਚ ਵਿਚ ਫਿਰ ਰੁਮਾਂਚ ਆ ਗਿਆ। ਇਸ ਤੋਂ ਬਾਅਦ ਜੋਸ ਬਟਲਰ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਮੈਦਾਨ ’ਚ ਉਤਰੇ ਬੱਲੇਬਾਜ਼ਾਂ ਨੇ ਇੰਗਲੈਂਡ ਦੀ ਬੇੜੀ ਪਾਰ ਲਾ ਦਿਤੀ। ਭਾਰਤ ਵਲੋਂ ਪ੍ਰਸਿੱਧ ਕ੍ਰਿਸ਼ਨਾ ਨੂੰ 2 ਵਿਕਟਾਂ ਹਾਸਲ ਹੋਈਆਂ।