ਕੈਨਬਰਾ (ਏਜੰਸੀਆਂ ) : ਕੁੱਝ ਦਿਨ ਪਹਿਲਾਂ ਆਸਟ੍ਰੇਲੀਆਈ ਅਧਿਕਾਰੀਆਂ ਨੇ ਚੀਨ ਦੇ ਸਭ ਤੋਂ ਮਹੱਤਵਪੂਰਨ ਬਾਜ਼ਾਰ ਵਿਚ ਨਿਰਯਾਤ ਵਿਚ ਆਈ ਭਾਰੀ ਗਿਰਾਵਟ ਦਾ ਖੁਲਾਸਾ ਕੀਤਾ ਸੀ। ਇਸੇ ਲੜੀ ਵਿਚ ਹੁਣ ਚੀਨ ਵਿਚ ਆਸਟ੍ਰੇਲੀਆ ਦੇ ਰਾਜਦੂਤ ਗ੍ਰਾਹਮ ਫਲੇਚਰ ਨੇ ਚੀਨ ਨੂੰ ’ਬਦਲਾ ਲੈਣ ਵਾਲਾ’ ਅਤੇ ’ਗੈਰ ਭਰੋਸੇਮੰਦ’ ਵਪਾਰਕ ਹਿੱਸੇਦਾਰ ਦੱਸਿਆ ਹੈ। ਫਲੇਚਰ ਨੇ ਵੀਰਵਾਰ ਨੂੰ ਬੀਜਿੰਗ ਤੋਂ ਇਕ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਚੀਨ-ਆਸਟ੍ਰੇਲੀਆ ਵਪਾਰ ਸਮੂਹ ਨੂੰ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕੀ ਚੀਨ ਜਾਣਦਾ ਹੈ ਕਿ ਉਸ ਦੀਆਂ ਵਪਾਰਕ ਗਤੀਵਿਧੀਆਂ ਤੋਂ ਆਸਟ੍ਰੇਲੀਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ।
ਦੀ ਆਸਟ੍ਰੇਲੀਆ ਅਖ਼ਬਾਰ ਅਤੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਨੂੰ ਫਲੇਚਰ ਦੇ ਹਵਾਲੇ ਨਾਲ ਕਿਹਾ, ’’ਚੀਨ ਵਪਾਰਕ ਹਿੱਸੇਦਾਰ ਦੇ ਤੌਰ ’ਤੇ ਗੈਰ ਭਰੋਸੇਵੰਦ ਅਤੇ ਬਦਲਾ ਲੈਣ ਵਾਲਾ ਸਹਿਯੋਗੀ ਹੈ।’’ ਆਸਟ੍ਰੇਲੀਆ ਦੇ ਵਿਦੇਸ਼ ਅਤੇ ਵਪਾਰ ਮਾਮਲੇ ਦੇ ਵਿਭਾਗ ਨੇ ਹਾਲੇ ਇਹਨਾਂ ਖ਼ਬਰਾਂ ’ਤੇ ਟਿੱਪਣੀ ਨਹੀਂ ਕੀਤੀ ਹੈ। ਅਸਲ ਵਿਚ ਆਸਟ੍ਰੇਲੀਆ ਦੇ ਇਕ ਸਾਲ ਪਹਿਲਾਂ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੀ ਸੁਤੰਤਰ ਜਾਂਚ ਕਰਾਉਣ ਦੀ ਮੰਗ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਟਕਰਾਅ ਵੱਧ ਗਿਆ ਹੈ।