ਕਰਾਚੀ, (ਏਜੰਸੀ) :ਐਫ਼ਆਈਏ ਨੇ ਕਰਾਚੀ ਦੇ ਜਿਨਾਹ ਇੰਟਰਨੈਸ਼ਨਲ ਏਅਰਪੋਰਟ ’ਤੇ ਇਕ ਲੜਕੀ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਇਕ ਇਨਵੈਸਟੀਗੇਸ਼ਨ ਅਧਿਕਾਰੀ ਨੂੰ ਮੁਅੱਤਲ ਕਰ ਦਿਤਾ ਹੈ। ਜੀਓ ਟੀਵੀ ਅਨੁਸਾਰ ਸੋਮਵਾਰ ਸ਼ਾਮ ਨੂੰ ਬਹਰੀਨ ਤੋਂ ਆਈ ਔਰਤ ਨੂੰ ਸੁਰੱਖਿਆ ਅਧਿਕਾਰੀ ਨੇ ਪ੍ਰੇਸ਼ਾਨ ਕੀਤਾ ਸੀ ਤੇ ਉਸ ਨੇ ਇਸ ਦੀ ਸ਼ਿਕਾਇਤ ਉਚ ਅਧਿਕਾਰੀਆਂ ਨੂੰ ਕੀਤੀ ਸੀ।
ਔਰਤ ਦਾ ਦੋਸ਼ ਹੈ ਕਿ ਐਫ਼ਆਈਏ ਅਧਿਕਾਰੀ ਨੇ ਉਸ ਤੋਂ ਉਸ ਦਾ ਨੰਬਰ ਤੇ ਮਿਠਾਈ ਮੰਗੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਕਿਤਾਨੀ ਜਾਂਚ ਏਜੰਸੀ ਨੇ ਲੜਕੀ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਅਧਿਕਾਰੀ ਨੂੰ ਸਸਪੈਂਡ ਕਰ ਦਿਤਾ ਹੈ।
ਦਰਅਸਲ ਘਟਨਾ ਦਾ ਵੀਡੀਉ ਉੱਥੇ ਮੌਜੂਦਾ ਲੋਕਾਂ ਨੇ ਰਿਕਾਰਡ ਕਰ ਲਿਆ ਸੀ ਤੇ ਅਧਿਕਾਰੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਉਸ ਨੇ ਅਪਣੇ ਬਚਾਅ ’ਚ ਕਿਹਾ ਹੈ ਕਿ ਉਹ ਲੜਕੀ ਤੋਂ ਨੰਬਰ ਲਿਸਟ ’ਚ ਲਿਖਣ ਲਈ ਮੰਗ ਰਿਹਾ ਸੀ ਤੇ ਮਿਠਾਈ ਦੇਣ ਦੀ ਗੱਲ ਉਸ ਨੇ ਮਜ਼ਾਕ ’ਚ ਕਹੀ ਸੀ। ਮਾਮਲੇ ਨੂੰ ਲੈ ਕੇ ਐਫ਼ਆਈਏ ਅਧਿਕਾਰੀ ਦੀ ਕਾਫੀ ਬਦਨਾਮੀ ਹੋ ਰਹੀ ਸੀ।