ਸਿਡਨੀ (ਏਜੰਸੀਆਂ) : ਤਸਮਾਨੀਆ ਦੇ ਉਪਰਲੇ ਸਦਨ ਨੇ ਇਕ ਅਜਿਹੇ ਬਿੱਲ ਨੂੰ ਮਨਜ਼ੂਰੀ ਦਿਤੀ ਹੈ ਜਿਸ ਵਿਚ ਇੱਛਾ ਨਾਲ ਮੌਤ ਨੂੰ ਗਲੇ ਲਾਇਆ ਜਾ ਸਕੇਗਾ। ਹੁਣ ਆਉਣ ਵਾਲੇ ਅਗਲੇ 18 ਮਹੀਨਿਆਂ ਵਿਚ ਇਸ ਬਿੱਲ ਨੂੰ ਕਾਨੂੰਨ ਦੇ ਰੂਪ ਵਿਚ ਪ੍ਰਵਾਨਗੀ ਦੇ ਕੇ ਲਾਗੂ ਕਰ ਦਿੱਤਾ ਜਾਵੇਗਾ। ਬਜ਼ੁਰਗ ਅਤੇ ਹੋਰ ਅਜਿਹੇ ਲੋਕ ਜਿਹੜੇ ਕਿ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ‘ਇੱਛਾ ਮੌਤ’ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਰਾਹਤ ਮਿਲ ਸਕੇਗੀ। ਇਸ ਦੇ ਨਾਲ ਹੀ ਤਸਮਾਨੀਆ ਰਾਜ, ਆਸਟ੍ਰੇਲੀਆ ਦੇਸ਼ ਦਾ ਤੀਸਰਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਕਿ ਉਕਤ ਕਾਨੂੰਨ ਨੂੰ ਮਾਨਤਾ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਬਿੱਲ ਇਸ ਮਹੀਨੇ ਦੀ 5 ਤਾਰੀਖ਼ ਨੂੰ ਹੇਠਲੇ ਸਦਨ ਤੋਂ 16-6 ਵੋਟਾਂ ਨਾਲ ਪਾਸ ਹੋ ਕੇ ਉਪਰਲੇ ਸਦਨ ਭੇਜਿਆ ਗਿਆ ਸੀ। ਇਸ ਦੀ ਪੈਰਵੀ ਲਈ ਪ੍ਰੀਮੀਅਰ ਪੀਟਰ ਗਟਵੇਨ ਵੀ ਅੱਗੇ ਆਏ ਹਨ। ਇਸ ਕਾਨੂੰਨ ਮੁਤਾਬਕ, ਅਜਿਹੇ ਲੋਕ ਜੋ ਕਿ ਕਿਸੇ ਭਿਆਨਕ ਬੀਮਾਰੀ ਤੋਂ ਪੀੜਤ ਹਨ ਅਤੇ ਡਾਕਟਰੀ ਰਿਪੋਰਟਾਂ ਮੁਤਾਬਕ ਅਗਲੇ 6 ਕੁ ਮਹੀਨਿਆਂ ਵਿਚ ਉਨ੍ਹਾਂ ਦੀ ਮੌਤ ਹੋਣੀ ਵੀ ਤੈਅ ਹੈ ਅਤੇ ਉਹ ਮੌਜੂਦਾ ਸਮੇਂ ਵਿਚ ਸਿਰਫ ਤਕਲੀਫ਼ ਹੀ ਭੋਗ ਰਹੇ ਹਨ ਤਾਂ ਫਿਰ ਅਜਿਹੇ ਮਰੀਜ਼ਾਂ ਨੂੰ ਜੇਕਰ ਉਹ ਚਾਹੁਣ ਤਾਂ ਉਹਨਾਂ ਨੂੰ ਕਾਨੂੰਨ ਮੁਤਾਬਕ ਇੱਛਾ ਮੌਤ ਦਿੱਤੀ ਜਾ ਸਕਦੀ ਹੈ।