ਕੈਨਬਰਾ (ਏਜੰਸੀਆਂ): ਪਿਛਲੇ 3 ਦਿਨਾਂ ਤੋਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਇਲਾਕੇ ਵਿਚ ਹੜ੍ਹ ਨੇ ਜੋ ਤਬਾਹੀ ਮਚਾਈ ਹੋਈ ਹੈ ਹੁਣ ਇਸ ਮਗਰੋਂ ਪਾਣੀ ਉਪਰ ਤਰਦੀਆਂ ਮੱਕੜੀਆਂ ਨੇ ਲੋਕਾਂ ਵਿਚ ਦਹਿਸ਼ਤ ਵਧਾ ਦਿਤੀ ਹੈ। ਮੱਕੜੀਆਂ ਨੇ ਘਰਾਂ, ਵਾੜ ਸਮੇਤ ਜਿੱਥੇ ਵੀ ਉਹ ਪਹੁੰਚ ਸਕਦੀਆਂ ਸਨ ਉਹਨਾਂ ਸਾਰੀਆਂ ਥਾਵਾਂ 'ਤੇ ਕਬਜ਼ਾ ਕਰ ਲਿਆ। ਇੰਨੀ ਵੱਡੀ ਗਿਣਤੀ ਵਿਚ ਰਿਹਾਇਸ਼ੀ ਇਲਾਕਿਆਂ ਵਿਚ ਮੱਕੜੀਆਂ ਨੂੰ ਦੇਖ ਕੇ ਲੋਕ ਵੀ ਡਰੇ ਹੋਏ ਹਨ। ਉੱਥੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਮੱਕੜੀਆਂ ਨੂੰ ਦੇਖ ਕੇ ਡਰਨਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਵਿਚੋਂ ਜ਼ਿਆਦਾਤਰ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨਹੀਂ ਹਨ। ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਮੰਜ਼ਰ ਕਦੀ ਨਹੀਂ ਵੇਖਿਆ ਗਿਆ। ਸਿਡਨੀ ਯੂਨੀਵਰਸਿਟੀ ਦੇ ਏਕੀਕ੍ਰਿਤ ਈਕੋ ਗਰੁੱਪ ਦੀ ਅਗਵਾਈ ਕਰਨ ਵਾਲੇ ਇਕ ਪ੍ਰੋਫੈਸਰ ਡਾਇਟ ਹੋਚੁਲੀ ਨੇ ਆਸਟ੍ਰੇਲੀਆ ਦੇ ਏ.ਬੀ.ਸੀ. ਨਿਊਜ਼ ਨੂੰ ਦੱਸਿਆ ਕਿ ਮਨੁੱਖਾਂ ਵਾਂਗ ਮੱਕੜੀਆਂ ਹੜ੍ਹ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਨਿਊ ਸਾਊਥ ਵੇਲਜ਼ ਵਿਚ ਰਿਕਾਰਡ ਕੀਤਾ ਗਿਆ ਮੱਕੜੀਆਂ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਮੈਟ ਲੌਵੇਨਫੋਸ ਨਾਮ ਦੇ ਇਕ ਸਥਾਨਕ ਵਸਨੀਕ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਪਾਣੀ ਵਧਣ ਕਾਰਨ ਲੱਖਾਂ ਦੀ ਗਿਣਤੀ ਵਿਚ ਮੱਕੜੀਆਂ ਦਾ ਝੁੰਡ ਉਹਨਾਂ ਦੇ ਖੇਤ ਵੱਲ ਤੇਜ਼ੀ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਮੱਕੜੀਆਂ ਹਰ ਜਗ੍ਹਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕੀੜੀਆਂ, ਸੱਪ, ਬਿੱਛੂ ਸਮੇਤ ਕਈ ਜੰਗਲੀ ਜੀਵ ਵੀ ਬਾਹਰ ਖੁੱਲੇ ਵਿਚ ਆ ਕੇ ਲੋਕਾਂ ਨੂੰ ਡਰਾ ਰਹੇ ਹਨ। ਇਹ ਸਾਰੇ ਉੱਚੀ ਜ਼ਮੀਨ ਦੀ ਤਲਾਸ਼ ਵਿਚ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਰਹੇ ਹਨ।