ਨਵੀਂ ਦਿੱਲੀ (ਏਜੰਸੀਆਂ) : ਇਸ ਵੇਲੇ ਪੂਰੇ ਵਿਸ਼ਵ ਵਿਚ ਕੋਰੋਨਾ ਕਾਰਨ ਦਹਿਸ਼ਤ ਹੈ ਤੇ ਹਰੇਕ ਵਿਅਕਤੀ ਕੋਰੋਨਾ ਵੈਕਸੀਨ ਹਾਸਲ ਕਰਨੀ ਚਾਹੁੰਦਾ ਹੈ ਪਰ ਦੂਜੇ ਪਾਸੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੌਜੂਦਾ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਕੋਰੋਨਾ ਟੀਕਾਕਰਨ ਤੋਂ ਛੋਟ ਦੇ ਦਿਤੀ ਹੈ। ਬੋਰਡ ਵਲੋਂ ਆਈ.ਪੀ.ਐਲ. ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਟੀਮਾਂ ਨੂੰ ਆਈ.ਪੀ.ਐਲ. ਲਈ ਬਣਾਏ ਗਏ ਸਾਰੇ ਨਿਯਮਾਂ ਤੋਂ ਜਾਣੂ ਕਰਵਾਇਆ ਹੈ। ਬੀ.ਸੀ.ਸੀ.ਆਈ. ਨੇ ਸਾਰੀਆਂ ਟੀਮਾਂ ਨੂੰ ਸੂਚਿਤ ਕੀਤਾ ਹੈ ਕਿ ਪੂਰੇ ਆਈ.ਪੀ.ਐਲ. ਦੌਰਾਨ ਉਨ੍ਹਾਂ ਦਾ ਕੋਰੋਨਾ ਟੀਕਾਕਰਨ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਖਿਡਾਰੀ ਜਾਂ ਹੋਰ ਵਿਅਕਤੀ ਕੋਰੋਨਾ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟ ਤੋਂ ਘੱਟ 10 ਦਿਨਾਂ ਤਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਫਿਰ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਆਉਣ ਅਤੇ ਹੋਰ ਰਸਮੀ ਕਾਰਵਾਈਆਂ ਦੇ ਬਾਅਦ ਹੀ ਬਾਇਉ-ਬਬਲ ਵਿਚ ਦੁਬਾਰਾ ਪ੍ਰਵੇਸ਼ ਦਿਤਾ ਜਾਵੇਗਾ।’
‘ਬਬਲ ਇੰਟੇਗ੍ਰਿਟੀ ਮੈਨੇਜਰਸ’ ਇਸ ਪ੍ਰਕਿਰਿਆ ’ਤੇ ਸਖ਼ਤ ਨਿਗਰਾਨੀ ਰਖਣਗੇ ਅਤੇ ਕਿਸੇ ਤਰ੍ਹਾਂ ਦਾ ਉਲੰਘਣ ਹੋਣ ’ਤੇ ਉਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ। ਹਾਲਾਂਕਿ ਆਈ.ਪੀ.ਐਲ. ਨੇ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਖਿਡਾਰੀ ਜਾਂ ਹੋਰ ਵਿਅਕਤੀ ਟੂਰਨਾਮੈਂਟ ਦੇ ਬਾਇਉ ਬਬਲ ਵਿਚ ਪ੍ਰਵੇਸ਼ ਤੋਂ ਪਹਿਲਾਂ ਵੈਕਸੀਨ ਲਗਵਾਉਂਦਾ ਹੈ ਤਾਂ ਉਸ ਨੂੰ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਟੈਸਟਿੰਗ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ। ਬੀ.ਸੀ.ਸੀ.ਆਈ. ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਆਈ.ਪੀ.ਐਲ. ਦੀ ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਵਿਚ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ।