ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਿੰਨਾ ਚਿਰ ਰਾਸਟਰਪਤੀ ਰਹੇ ਉਹ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦੇ ਸਨ। ਉਹ ਇਕ ਵਾਰ ਫਿਰ ਸੁਰਖ਼ੀਆਂ ਵਿਚ ਹਨ। ਟਰੰਪ ਸੋਸ਼ਲ ਮੀਡੀਆ ’ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ ਪਰ ਇਸ ਵਾਰ ਉਹ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਲਾਂਚ ਕਰਨ ਵਾਲੇ ਹਨ। ਟਰੰਪ ਦੇ ਸੋਸ਼ਲ ਮੀਡੀਆ ’ਤੇ ਵਾਪਸ ਆਉਣ ਦੀ ਜਾਣਕਾਰੀ ਟਰੰਪ ਦੇ ਪੁਰਾਣੇ ਸਲਾਹਕਾਰ ਤੇ ਬੁਲਾਰਾ ਜੇਸਨ ਮਿਲਰ ਨੇ ਦਿਤੀ ਹੈ। ਮਿਲਰ ਨੇ ਕਿਹਾ ਕਿ ਟਰੰਪ ਅਗਲੇ ਦੋ-ਤਿੰਨ ਮਹੀਨਿਆਂ ’ਚ ਸੋਸ਼ਲ ਮੀਡੀਆ ’ਤੇ ਵਾਪਸੀ ਕਰ ਸਕਦੇ ਹਨ। ਅਜਿਹੇ ’ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਪਸੀ ਲਈ ਇਹ ਪਲੇਟਫ਼ਾਰਮ ਵੀ ਖ਼ੁਦ ਟਰੰਪ ਦਾ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ਼ ਮੀਡੀਆ ’ਤੇ ਮੌਜੂਦ ਨਹੀਂ ਹਨ ਇਸ ਪਿਛੇ ਕਾਰਨ ਇਹ ਹੈ ਕਿ 6 ਜਨਵਰੀ 2021 ਨੂੰ ਟਰੰਪ ’ਤੇ ਅਮਰੀਕੀ ਕੈਪੀਟਲ ’ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਾ ਸੀ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਨਾਲ ਸਬੰਧਤ ਪਲੇਟਫ਼ਾਰਮਾਂ ਨੇ ਉਨ੍ਹਾਂ ਦਾ ਅਕਾਊਂਟ ਬੰਦ ਕਰ ਦਿਤਾ ਸੀ। ਟਰੰਪ ਚਾਹੁੰਦੇ ਹਨ ਕਿ ਉਹ ਅਪਣਾ ਨੈਟਵਰਕ ਸ਼ੁਰੂ ਕਰ ਕੇ ਅਪਣੀ ਮਨਮਰਜ਼ੀ ਨਾਲ ਲਿਖਣ ਤੇ ਬੋਲਣ।