ਭਾਰਤ ਵਲੋਂ ਕੁਆਲੀਫ਼ਾਈ ਕਰਨ ਵਾਲਾ ਪਹਿਲਾ ਖਿਡਾਰੀ
ਦੋਹਾ (ਏਜੰਸੀਆਂ): ਟੋਕੀਉ ਉਲੰਪਿਕ ਭਾਰਤੀ ਖਿਡਾਰੀਆਂ ਲਈ ਕਰੜਾ ਇਮਤਿਹਾਨ ਹੋਵੇਗਾ ਇਸ ਲਈ ਭਾਰਤੀ ਖਿਡਾਰੀ ਜੰਮ ਕੇ ਪਸੀਨਾ ਵਹਾ ਰਹੇ ਹਨ। ਇਸੇ ਦੌਰਾਨ ਵਧੀਆ ਖ਼ਬਰ ਮਿਲੀ ਹੈ ਕਿ ਭਾਰਤ ਦੇ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਨੇ ਟੋਕੀਉ ਉਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ ਤੇ ਇਸ ਖੇਡ ’ਚ ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਅਚੰਤ ਸ਼ਰਤ ਨੇ ਪਾਕਿਸਤਾਨੀ ਵਿਰੋਧੀ ਮੁਹੰਮਦ ਰਮੀਜ ਨੂੰ ਏਸ਼ੀਅਨ ਉਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ਦੇ ਦੱਖਣੀ ਏਸ਼ੀਆ ਗਰੁੱਪ ਦੇ ਦੂਜੇ ਰਾਊਂਡ ਰੌਬਿਨ ਮੈਚ ਵਿਚ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ ਹੈ।
ਅਚੰਤ ਨੇ ਇਹ ਮੁਕਾਬਲਾ 11-4, 11-1, 11-5, 11-4 ਨਾਲ ਜਿੱਤਿਆ। ਉਹ ਅਪਣੇ ਗਰੁੱਪ ਵਿਚ ਦੂਜੇ ਸਥਾਨ ’ਤੇ ਰਿਹਾ, ਹਾਲਾਂਕਿ ਉਸ ਨੂੰ ਅਪਣੇ ਪਹਿਲੇ ਮੈਚ ਵਿਚ ਜੀ. ਸਤਿਆਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਨੇ ਪਾਕਿਸਤਾਨੀ ਖਿਡਾਰੀ ਵਿਰੁਧ ਸ਼ਾਨਦਾਰ ਜਜ਼ਬਾ ਦਿਖਾਇਆ । ਵਿਸ਼ਵ ਦੇ 32ਵੇਂ ਨੰਬਰ ਦੇ ਖਿਡਾਰੀ ਨੇ ਉਲੰਪਿਕ ਲਈ ਕੁਆਲੀਫ਼ਾਈ ਕਰਨ ਤੋਂ ਬਾਅਦ ਕਿਹਾ ਕਿ ਸਤਿਆਨ ਵਿਰੁਧ ਮੈਚ ਚੰਗਾ ਸੀ ਪਰ ਮੈਂ ਉਸ ਵਿਚ ਕੱੁਝ ਗ਼ਲਤੀਆਂ ਕੀਤੀਆਂ ਸਨ। ਮੈਂ ਰਮੀਜ਼ ਵਿਰੁਧ ਉਤਰਦੇ ਸਮੇਂ ਕੱੁਝ ਘਬਰਾਹਟ ਵਿਚ ਸੀ ਪਰ ਕੱੁਝ ਦੇਰ ਬਾਅਦ ਮੈਨੂੰ ਇਸ ’ਤੇ ਭਰੋਸਾ ਹੋ ਗਿਆ ਕਿ ਮੈਂ ਅਪਣੀ ਰਣਨੀਤੀ ’ਤੇ ਸਹੀ ਢੰਗ ਨਾਲ ਕੰਮ ਕਰ ਰਿਹਾ ਹਾਂ।