ਨਾਸਾ ਨੇ ਤਿਆਰ ਕੀਤਾ ਦੁਨੀਆਂ ਦਾ ਸੱਭ ਤੋਂ ਤਾਕਤਵਰ ਰਾਕਟ
ਵਾਸ਼ਿੰਗਟਨ, (ਏਜੰਸੀ): ਇੰਝ ਲਗਦਾ ਹੈ ਕਿ ਮਨੁੱਖ ਜਿਸ ਚੰਦਰਮਾ ਦੀ ਕਦੇ ਮਹਿਬੂਬਾ ਨਾਲ ਤੁਲਨਾ ਕਰਦਾ ਹੈ ਤੇ ਕਦੇ ਬੱਚੇ ਉਸ ਨੂੰ ਮਾਮਾ ਕਹਿ ਕੇ ਪੁਕਾਰਦੇ ਹਨ, ’ਤੇ ਜਾਣ ਦਾ ਸੁਪਨਾ ਹੁਣ ਪੂਰਾ ਹੋਦ ਵਾਲਾ ਹੈ ਕਿਉਂਕਿ ਅਮਰੀਕਾ ਦੀ ਏਜੰਸੀ ਨਾਸਾ ਨੇ ਅਜਿਹਾ ਤਾਕਤਵਰ ਰਾਕਟ ਤਿਆਰ ਕਰ ਲਿਆ ਹੈ ਜਿਹੜਾ ਮਨੁੱਖਾਂ ਨੂੰ ਚੰਦਰਮਾ ’ਤੇ ਲਿਜਾਣ ਲਈ ਸਮਰਥ ਹੋਵੇਗਾ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਚੰਨ ’ਤੇ ਜਾਣ ਵਾਲੇ ਇਕ ਮਿਸ਼ਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਨਾਸਾ ਦਾ 1.35 ਲੱਖ ਕਰੋੜ ਰੁਪਏ ਦੀ ਲਾਗਤ ਵਾਲਾ ਸਪੇਸ ਲੌਂਗ ਸਿਸਟਮ ਰਾਕੇਟ (ਮੈਗਾਰਾਕੇਟ) ਨਵੰਬਰ ਵਿਚ ਲਾਂਚ ਹੋਣ ਵਾਲਾ ਹੈ। ਉਸ ਤੋਂ ਪਹਿਲਾਂ ਇਸ ਦੀ ਕੋਰ ਸਟੇਜ ਦੀ ਟੈਸਟਿੰਗ ਹੋ ਰਹੀ ਹੈ।
ਅਮਰੀਕੀ ਸਪੇਸ ਏਜੰਸੀ 8 ਮਿੰਟ ਲਈ ਇਸ ਦੇ ਚਾਰੇ ਪਾਸੇ ਆਰਐਸ-25 ਇੰਜਣ ਨੂੰ ਚਾਲੂ ਕਰ ਰਹੀ ਹੈ। ਇਹ ਟੈਸਟਿੰਗ ਮਿਸੀਸਿਪੀ ਸਟੇਟ ਵਿਚ ਸਟੇਨਿਸ ਸਪੇਸ ਸੈਂਟਰ ਵਿਚ ਹੋ ਰਹੀ ਹੈ। ਇਸ ਤੋਂ ਪਹਿਲਾਂ ਇਹ ਟੈਸਟਿੰਗ ਵੱਖ-ਵੱਖ ਕਾਰਨਾਂ ਕਾਰਨ ਟਾਲ ਦਿਤੀ ਗਈ ਸੀ। ਅਸਲ ਵਿਚ ਨਾਸਾ ਬਿਨਾਂ ਇਨਸਾਨ ਦੇ ਚੰਨ ’ਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਮਿਸ਼ਨ ਦਾ ਨਾਮ ਆਰਟੇਮਿਸ ਹੈ। ਭਵਿੱਖ ਵਿਚ ਇਸ ਦੇ ਜ਼ਰੀਏ ਸਿੰਗਲ ਟ੍ਰਿਪ ਵਿਚ ਪੁਲਾੜ ਯਾਤਰੀਆਂ ਨੂੰ ਚੰਨ ’ਤੇ ਪਹੁੰਚਾਇਆ ਜਾ ਸਕੇਗਾ। ਇਹ ਨਾਸਾ ਦਾ ਦੁਨੀਆਂ ਦਾ ਸੱਭ ਤੋਂ ਤਾਕਤਵਰ ਰਾਕਟ ਸਿਸਟਮ ਹੈ। ਦਸਿਆ ਜਾ ਰਿਹਾ ਹੈ ਕਿ ਇਹ ਰਾਕਟ ਇਕ ਵਾਰ ਉਡਾਣ ਭਰਨ ’ਤੇ ਸਪੇਸ ਵਿਚ ਪ੍ਰਵੇਸ਼ ਕਰੇਗਾ ਤੇ ਦੂਜੇ ਰਾਕਟਾਂ ਦੀ ਤੁਲਨਾ ਵਿਚ 10 ਫ਼ੀ ਸਦੀ ਜ਼ਿਆਦਾ ਤੇਜ਼ੀ ਨਾਲ ਪੁਲਾੜ ਨੂੰ ਪਾਰ ਕਰੇਗਾ ਤੇ ਚੰਦਰਮਾ ’ਤੇ ਪਹੁੰਚਣ ਲਈ ਸਮਾਂ ਵੀ ਘੱਟ ਲਾਵੇਗਾ।