ਮੋਹਾਲੀ : ਸਿਆਣੇ ਕਹਿੰਦੇ ਹਨ ਕਿ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਜੇਕਰ ਪੂਰਵ ਯੋਜਨਾ ਤਿਆਰ ਕਰ ਲਈ ਜਾਵੇ ਤਾਂ ਉਸ ਦਾ ਨਤੀਜਾ ਹੀ ਕੁੱਝ ਹੋਰ ਮਿਲਦਾ ਹੈ। ਇਹ ਗੱਲ ਅੱਜਕਲ ਪੰਜਾਬ ਸਕੂਲ ਸਿਖਿਆ ਬੋਰਡ 'ਤੇ ਢੁੱਕਦੀ ਹੈ ਜਿਸ ਨੇ ਪੂਰਵ ਯੋਜਨਾ ਤਿਆਰ ਕਰ ਕੇ 10ਵੀਂ ਤੇ 12ਵੀਂ ਦੀ ਪੜ੍ਹਾਈ ਕਰਵਾਈ ਤੇ ਜਿਸ ਦੇ ਨਤੀਜੇ ਆਉਣ ਤੋਂ ਬਾਅਦ ਪਤਾ ਚਲਿਆ ਕਿ ਨਤੀਜਿਆਂ ਦੇ ਮਾਮਲੇ 'ਚ ਪੰਜਾਬ ਦੇਸ਼ ਭਰ 'ਚੋਂ ਦੂਜੇ ਨੰਬਰ 'ਤੇ ਆ ਗਿਆ ਹੈ। ਪੰਜਾਬ ਦੇ ਸਿਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਕੀਤੀ ਗਈ ਪਲਾਨਿੰਗ ਦੇ ਚਲਦੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਨਿਚਰਵਾਰ ਨੂੰ ਆਏ ਨਤੀਜਿਆਂ 'ਚ 86.41 ਫ਼ੀ ਸਦੀ ਵਿਦਿਆਰਥੀ ਪਾਸ ਹੋਏ ਜਦਕਿ ਪਿਛਲੇ ਇਹ ਅੰਕੜਾ 65.97 ਫ਼ੀ ਸਦੀ ਸੀ ਤੇ ਇਸ ਵਾਰ ਪਾਸ ਫ਼ੀ ਸਦੀ ਲਗਭਗ 20 ਫ਼ੀ ਸਦੀ ਵਧਿਆ ਹੈ। ਦੇਸ਼ 'ਚ ਹੁਣ ਤਕ ਐਲਾਨੇ ਹੋਏ 12ਵੀਂ ਦੇ ਨਤੀਜਿਆਂ 'ਚ ਸਿਰਫ਼ ਤਾਮਿਲਨਾਡੂ ਇਕ ਅਜਿਹਾ ਸੂਬਾ ਹੈ ਜਿਥੇ 12ਵੀਂ ਦੇ ਨਤੀਜੇ 91.3 ਫ਼ੀ ਸਦੀ ਰਹੇ ਹਨ ਜਦਕਿ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਇਸ ਸਾਲ 12ਵੀਂ ਦੇ ਨਤੀਜਿਆਂ ਦੇ ਮੁਕਾਬਲੇ ਕਾਫੀ ਅੱਗੇ ਹੈ।
ਇਸੇ ਤਰ੍ਹਾਂ ਸੀ.ਬੀ.ਐੱਸ. ਈ. ਦੇ 12ਵੀਂ ਦੀ ਪ੍ਰੀਖਿਆ 'ਚ ਵੀ ਇਸ ਸਾਲ 83.4 ਫ਼ੀ ਸਦੀ ਵਿਦਿਆਰਥੀ ਪਾਸ ਹੋਏ ਸਨ। ਇਸ ਤਰ੍ਹਾਂ ਸੀ.ਬੀ. ਐੈੱਸ. ਦੇ ਮੁਕਾਬਲੇ 'ਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਕਾਫੀ ਬਿਹਤਰ ਮੰਨਿਆ ਜਾ ਰਿਹਾ ਹੈ। ਇਸ ਸਾਲ ਦੀ ਪ੍ਰੀਖਿਆ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਨਿੱਜੀ ਸਕੂਲਾਂ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ ਹੈ ਤੇ ਗ੍ਰਾਮੀਣ ਖੇਤਰਾਂ 'ਚ ਪਾਸ ਅੰਕੜਾ 86.9 ਫ਼ੀ ਸਦੀ ਰਿਹਾ ਜਦਕਿ ਸ਼ਹਿਰੀ ਖੇਤਰ 'ਚ ਇਹ ਅੰਕੜਾ 85 ਫ਼ੀ ਸਦੀ ਰਿਹਾ। ਇਸ ਦਾ ਸਾਫ਼ ਮਤਲਬ ਇਹ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਦੇ ਅਧਿਕਾਰੀਆਂ ਨੇ ਸ਼ੁਰੂ 'ਚ ਹੀ ਮਨ ਬਣਾ ਲਿਆ ਸੀ ਕਿ ਇਸ ਵਾਰ ਪਿਛਲੇ ਸਾਰੇ ਦਾਗ਼ ਧੋਣੇ ਹਨ ਜਿਸ ਵਿਚ ਉਹ ਕਾਮਯਾਬ ਵੀ ਹੋਏ ਹਨ।