Friday, November 22, 2024
 

ਲਿਖਤਾਂ

ਪੰਜਾਬ ਵਿਚ ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ 2 ਦਹਾਕਿਆਂ ਵਿਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ, ਪੜ੍ਹੋ ਕਾਰਨ

March 15, 2021 09:28 AM

ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖ਼ਤਮ ਹੋ ਚੁੱਕਾ ਹੈ। ਦੂਜੀ ਪਰਤ ਲਗਪਗ 100 ਤੋਂ 200 ਫੁੱਟ ’ਤੇ ਹੈ ਤੇ ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁਣ ਪੰਜਾਬ ਤੀਜੀ ਪਰਤ ਨੂੰ ਵਰਤ ਰਿਹਾ ਹੈ, ਜੋ 350 ਫੁੱਟ ਤੋਂ ਵੱਧ ਡੂੰਘੀ ਹੈ ਤੇ ਅਗਲੇ ਦਹਾਕੇ ਤਕ ਖ਼ਾਲੀ ਹੋ ਜਾਵੇਗੀ। ਇਸ ਤੀਜੀ ਪਰਤ ਵਿਚਲੇ ਪਾਣੀ ਦੇ ਖ਼ਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖ਼ਰੀ ਘੁੱਟਾਂ ਵੀ ਖ਼ਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ 2 ਦਹਾਕਿਆਂ ਵਿਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ। ਵਿਗਿਆਨ ਦੱਸਦਾ ਹੈ ਕਿ ਤਿੰਨਾਂ ਪਰਤਾਂ ’ਚੋਂ ਕੇਵਲ ਉੱਪਰਲੀ ਪਰਤ ਹੀ ਮੀਂਹ ਤੇ ਦਰਿਆਈ ਪਾਣੀ ਨਾਲ ਕੁਝ- ਕੁਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਤਾਂ ਇਹ ਪਾਣੀ ਕਈ ਸਦੀਆਂ ਪੀਣ ਯੋਗ ਨਹੀਂ ਹੋਵੇਗਾ। ਦੂਜੀ ਤੇ ਤੀਜੀ ਪਰਤ ’ਚ ਪਾਣੀ ਲੱਖਾਂ ਸਾਲਾਂ ਵਿਚ ਪਹੁੰਚਦਾ ਹੈ। ਇਸ ਵਿਚਲਾ ਤੁਪਕਾ-ਤੁਪਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫ਼ਾ ਹੈ। ਭਾਰਤ ਸਰਕਾਰ ਨੂੰ ਦੁਨੀਆ ਭਰ ਦੇ ਵਿਗਿਆਨੀ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਸਨ ਕਿ ਪੰਜਾਬ ਵਿਚ ਖੇਤੀ ਅਤੇ ਸਨਅਤਾਂ ਲਈ ਦਰਿਆਈ ਪਾਣੀ ਵਰਤਿਆ ਜਾਵੇ ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ’ਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਅਜਿਹੇ ਹਾਲਾਤ ਵਿਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧਾ ਸਦੀ ਪਹਿਲਾਂ ਪਤਾ ਸੀ ਕਿ ਪੰਜਾਬ ਕਿੱਧਰ ਜਾ ਰਿਹਾ ਹੈ ਪਰ ਕਿਸਾਨਾਂ ਨੂੰ ਨਹੀਂ। ਚਿੰਤਾ ਇਹ ਨਹੀਂ ਕਿ ਪੰਜਾਬ ਰੇਗਿਸਤਾਨ ਬਣੇਗਾ ਸਗੋਂ ਇਹ ਕਿ ਕਿੰਨੀ ਛੇਤੀ ਬਣੇਗਾ। ਪੰਜਾਬ ਦੇ 13 ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖਾਤਮੇ ਵੱਲ ਲਿਜਾ ਰਹੇ ਹਨ। ਅੰਦਾਜ਼ੇ ਅਨੁਸਾਰ ਅਗਲੇ 15 ਸਾਲਾਂ ਵਿਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਦਰਿਆਈ ਪਾਣੀ ’ਚ ਸੌ ਤੋਂ ਵੱਧ ਤਰ੍ਹਾਂ ਦੇ ਵੱਖ-ਵੱਖ ਖਣਿਜ ਤੱਤ ਹੁੰਦੇ ਹਨ, ਜੋ ਕੁਦਰਤੀ ਤੌਰ ’ਤੇ ਵਧੀਆ ਫ਼ਸਲਾਂ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰੱਖਦੇ ਹਨ। ਦਰਿਆਈ ਪਾਣੀ ਦੀ ਅਣਹੋਂਦ ’ਚ ਪੰਜਾਬ ਨੂੰ ਇਹ ਘਾਟ ਖਾਦਾਂ ਅਤੇ ਦਵਾਈਆਂ ਨਾਲ ਪੂਰੀ ਕਰਨੀ ਪਈ। ਪੰਜਾਬ ਇਕ ਪਾਸੇ ਤਾਜ਼ੇ ਪਾਣੀ ਦਾ ਅਣਮੁੱਲਾ ਜ਼ਖ਼ੀਰਾ ਖ਼ਤਮ ਕਰ ਚੁੱਕਿਆ ਹੈ ਤੇ ਦੂਜੇ ਪਾਸੇ ਦਵਾਈਆਂ ਨਾਲ ਜ਼ਮੀਨ ਦੀ ਉੱਪਰਲੀ ਤਹਿ ਦੂਸ਼ਿਤ ਹੋ ਚੁੱਕੀ ਹੈ। ਪਾਣੀ ਦੇ ਮੁੱਦੇ ’ਤੇ ਇਸ ਸਮੇਂ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਪੰਜਾਬ ਰੇਗਿਸਤਾਨ ਬਣਨ ਵੱਲ ਵਧਦਾ ਜਾ ਰਿਹਾ ਹੈ।

 

Have something to say? Post your comment

Subscribe