ਕੈਲੇਫ਼ੋਰਨੀਆ, (ਏਜੰਸੀ): ਅਮਰੀਕਾ ਦੇ ਕੈਲੇਫ਼ੋਰਨੀਆ ਵਿਚ ਸਾਬਕਾ ਵਿਦਿਆਰਥੀਆਂ ਨੇ ਅਪਣੇ ਅਧਿਆਪਕ ਨੂੰ 77ਵੇਂ ਜਨਮ ਦਿਨ ਉੱਤੇ ਅਨਮੋਲ ਤੋਹਫ਼ਾ ਦਿਤਾ ਹੈ। ਅਧਿਆਪਕ ਜੋਸ ਵਿਲਾਰੂਏਲ ਪਿਛਲੇ ਸੱਤ ਸਾਲ ਤੋਂ 24 ਸਾਲ ਪੁਰਾਣੀ ਕਾਰ ਵਿਚ ਹੀ ਗੁਜ਼ਾਰਾ ਕਰ ਰਹੇ ਸਨ ਤਾਕਿ ਉਹ ਮੈਕਸੀਕੋ ਵਿਚ ਰਹਿ ਰਹੇ ਅਪਣੇ ਪਰਵਾਰ ਦੀ ਮਦਦ ਕਰ ਸਕਣ। ਉਨ੍ਹਾਂ ਦੀ ਸਾਦਗੀ ਨੂੰ ਦੇਖ ਦੇ ਹੋਏ ਸਾਬਕਾ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਜਨਮ ਦਿਵਸ ਮੌਕੇੇ 20 ਲੱਖ ਰੁਪਏ ਚੈੱਕ ਤੋਹਫ਼ੇ ਵਜੋਂ ਦਿਤਾ ਹੈ। ਜੋਸ ਵਿਦਿਆਰਥੀਆਂ ਦੀ ਇਸ ਪਹਿਲ ’ਤੇ ਭਾਵੁਕ ਹੋ ਗਏ ਤੇ ਉਨ੍ਹਾਂ ਨੂੰ ਗਲੇ ਲਾ ਲਿਆ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਸ ਤੋਹਫ਼ੇ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿਤੀ ਹੈ। ਕਦੇ ਉਹ ਵਿਦਿਆਰਥੀਆਂ ਦੇ ਭਵਿੱਖ ਦੀ ਚਿੰਤਾ ਕਰਦੇ ਸਨ ਤੇ ਅੱਜ ਵਿਦਿਆਰਥੀਆਂ ਨੇ ਉਨ੍ਹਾਂ ਦਾ ਭਵਿੱਖ ਸੰਵਾਰ ਦਿਤਾ ਹੈ। ਅਧਿਆਪਕ ਨੇ ਅੱਗੇ ਕਿਹਾ ਕਿ ਉਹ ਹੁਣ ਅਪਣਾ ਘਰ ਲੈ ਸਕੇਗਾ। ਜ਼ਿਕਰਯੋਗ ਹੈ ਕਿ ਜੋਸ ਕੈਲੇਫ਼ੋਰਨੀਆ ਦੇ ਫੋਂਟਾਨਾ ਸ਼ਹਿਰ ਦੇ ਸਕੂਲ ਵਿਚ ਪੜ੍ਹਾਉਂਦੇ ਸਨ। ਇਸ ਸਕੂਲ ਦੇ ਸਾਬਕਾ ਵਿਦਿਆਰਥੀ ਸਟੀਵਨ ਨੇ ਕਿਹਾ ਕਿ ਅਧਿਆਪਕ ਦੀ ਮਦਦ ਕਰਨਾ ਕਿਸੇ ਸਨਮਾਨ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਸਾਡੇ ਵਰਗੇ ਬਹੁਤ ਸਾਰੇ ਲੋਕਾਂ ਦੀ ਜਿੰਦਗੀ ਨੂੰ ਬਿਹਤਰ ਬਣਾਇਆ ਹੈ। ਉਨ੍ਹਾਂ ਕੋਲ 1977 ਦੀ ਫ਼ੋਰਡ ਥੰਡਰਬਰਡ ਐਲਐਕਸ ਕਾਰ ਹੈ ਜਿਸ ਨੂੰ ਉਨ੍ਹਾਂ ਅਪਣਾ ਘਰ ਬਣਾ ਲਿਆ ਸੀ। ਮੈਂ ਕਈ ਸਾਲਾਂ ਤੋਂ ਉਨ੍ਹਾਂ ਨੂੰ ਕਾਰ ਵਿਚ ਹੀ ਰਹਿੰਦੇ ਦੇਖ ਰਿਹਾ ਸੀ। ਇਕ ਦਿਨ ਮੈਂ ਉਨ੍ਹਾਂ ਦੀ ਮਦਦ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਅਸੀਂ ਪੁਰਾਣੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕੀਤੇ ਤੇ ਕਰੀਬ 20 ਲੱਖ ਰੁਪਏ ਉਨ੍ਹਾਂ ਨੂੰ ਸੌਂਪ ਦਿਤੇ। ਉਸ ਨੇ ਦਸਿਆ ਕਿ ਪਹਿਲਾਂ ਤਾਂ ਉਹ ਸਵੈਮਾਨੀ ਹੋਣ ਕਾਰਨ ਉਨ੍ਹਾਂ ਤੋਂ ਪੈਸੇ ਨਹੀਂ ਲੈਂਦੇ ਸਨ ਪਰ ਸਾਡੇ ਜ਼ੋਰ ਪਾਉਣ ’ਤੇ ਉਨ੍ਹਾਂ ਇਹ ਭੇਂਟ ਸਵੀਕਾਰ ਕਰ ਲਈ।