ਇਹ ਉਸ ਦੀ ਆਖ਼ਰੀ ਮੁਲਾਕਾਤ ਸੀ, ਪਤਾ ਸੀ ਉਸ ਨੂੰ ਕਿ ਸਾਡੀ ਅਗਲੀ ਮੁਲਾਕਾਤ ਦੀ ਕੋਈ ਆਸ ਨਹੀਂ ਹੈ, ਸ਼ਾਇਦ ਇਸੇ ਕਰ ਕੇ ਉਸ ਦੀਆਂ ਅੱਖਾਂ ਵਿਚ ਕੁੱਝ ਗਿੱਲਾਪਣ ਸੀ। ਨਿਰਮਲ ਨੇ ਤਗੜਾ ਜੇਰਾ ਕਰ ਕੇ ਆਪਣੇ ਹੰਝੂ ਤਾਂ ਰੋਕ ਲਏ ਪਰ ਉਸ ਦੇ ਦਿੱਲ ਦੀ ਉਦਾਸੀ ਅੱਖੀਆਂ ਵਿਚੋਂ ਝਲਕ ਰਹੀ ਸੀ। ਮੈਂ ਉਸ ਨੂੰ ਲਗਾਤਾਰ ਵੇਖ ਰਿਹਾ ਸੀ।
ਇੱਝ ਹੋ ਹੀ ਜਾਂਦਾ ਹੈ ਜਦੋਂ ਕੋਈ ਤੁਹਾਡਾ ਪਿਆਰਾ ਕਿਤੇ ਦੂਰ ਦੇਸ਼ ਜਾ ਰਿਹਾ ਹੋਵੇ ਅਤੇ ਬੰਦੇ ਨੂੰ ਆਪਣੀ ਉਮਰ ਵੇਖਦੇ ਹੋਏ ਇਹ ਆਸ ਨਾ ਹੋਵੇ ਕਿ ਅਗਲੀ ਮੁਲਾਕਾਤ ਹੋ ਸਕਦੀ ਹੈ ਜਾਂ ਨਹੀਂ, ਇਸ ਲਈ ਉਹ ਇਸ ਨੂੰ ਹੀ ਆਖ਼ਰੀ ਮੁਲਾਕਾਤ ਸਮਝ ਲੈਂਦਾ ਹੈ।
ਕਿਉਂ ਕਿ ਦੂਰ ਦੇਸ਼ ਪਹਿਲਾਂ ਤਾਂ ਕਿਸੇ ਦਾ ਜਾਣਾ ਹੀ ਔਖਾ ਪਰ ਜੇ ਕੋਈ ਆਪਣਾ ਚਲਾ ਜਾਵੇ ਤਾਂ ਦੂਰੀਆਂ ਘਟੋ ਘਟ ਸਾਲਾਂ ਬੱਧੀ ਤਾਂ ਹੋ ਹੀ ਜਾਂਦੀਆਂ ਹਨ। ਇਥੇ ਪਲ ਘੜੀ ਦਾ ਨਹੀਂ ਪਤਾ ਹੁੰਦਾ ਤਾ ਫਿਰ ਸਾਲਾਂ ਬੱਧੀ ਅਗਲੀਆਂ ਮੁਲਾਕਾਤਾਂ ਦੀ ਉਮੀਂਦ ਰਖਣੀ ਤਾਂ ਚਾਹੀਦੀ ਹੈ ਪਰ ਇਹ ਹੋਵੇਗੀ ਕਿਨੀ ਕੂ ਜਾਇਜ਼ ? ਇਸ ਦਾ ਜਵਾਬ ਨਹੀਂ ਹੈ।
ਨਿਰਮਲ ਦੇ ਵੱਡੇ ਭਰਾ ਦੇ ਪੁੱਤਰ ਨੂੰ ਅੱਜ ਕੈਨੇਡਾ ਗਏ ਨੂੰ 6 ਸਾਲ ਹੋ ਗਏ, ਮਸਾਂ ਇਕ ਵਾਰ ਦੀ ਉਹ ਆਪਣੇ ਘਰ ਪਰਤਿਆ ਸੀ ਅਤੇ ਉਹ ਵੀ 20 ਕ ਦਿਨਾਂ ਲਈ। ਇਥੇ ਹਿਸਾਬ ਲਾਈਏ ਤਾਂ 6 ਸਾਲਾਂ ਵਿਚ ਉਹ ਆਪਣੇ ਪੁੱਤਰ ਨਾਲ ਸਿਰਫ਼ 20 ਦਿਨ ਹੀ ਬਿਤਾ ਸਕਿਆ ਸੀ। ਔਲਾਦ ਇਸੇ ਲਈ ਹੀ ਹੁੰਦੀ ਹੈ ਕਿ ਸਾਥ ਦੇਵੇ, ਨਾਲ ਰਵੇ, ਚਲੋ ਧੀ ਨੇ ਤਾਂ ਵਿਆਹ ਕੇ ਆਪਣੇ ਘਰ ਜਾਣਾ ਹੀ ਹੁੰਦਾ ਹੈ, ਇਥੇ ਪੁੱਤਰ ਵੀ ਵਿਆਹ ਕੇ ਗਏ ਤੋਂ ਕਿਤੇ ਵੱਧ ਹੋ ਜਾਂਦੇ ਹਨ। ਵਿਆਹੀ ਕੁੜੀ ਵੀ ਮਹੀਨੇ ਜਾਂ 2 ਮਹੀਨੇ ਬਾਅਦ ਆ ਕੇ ਮਿਲ ਜਾਂਦੀ ਹੈ। ਪਰ ਪੁੱਤਰ ਨਾਲ ਮੁਲਾਕਾਤਾਂ ਸਾਲਾਂ ਲਈ ਅੱਗੇ ਹੋਰ ਅੱਗੇ ਪਈ ਜਾਂਦੀਆਂ ਹਨ। ਵਿਦੇਸ਼ੀ ਸਰਕਾਰਾਂ ਨੇ ਵੀ ਹੁਣ ਨਿਯਮ ਬਦਲ ਦਿਤੇ ਹਨ ਕਿ ਬੱਚੇ ਦੇ ਲੱਖਾਂ ਰੁਪਏ ਖ਼ਰਚ ਕੇ ਆ ਤਾਂ ਸਕਦੇ ਹਨ ਪਰ ਕੁੱਝ ਮਹੀਨਿਆਂ ਲਈ। ਇਥੇ ਜੇ ਕੋਈ ਕਿਸੇ ਦਾ ਮਾਂ ਜਾਂ ਪਿਓ ਆ ਵੀ ਜਾਵੇ ਤਾਂ ਪਿਛੇ ਛਡ ਆਇਆ ਘਰ ਇੱਕਲਾ ਹੋ ਜਾਂਦਾ ਹੈ। ਇਥੇ ਕੋਈ ਕਰੇ ਤਾਂ ਕੀ ਕਰੇ, ਇਕ ਲੱਤ ਇਧਰ ਤੇ ਇਕ ਉਧਰ ਕਿਨੀ ਕੁ ਦੇਰ ਕਰ ਸਕਦਾ ਬੰਦਾ ?
ਇਹ ਮਜਬੂਰੀ ਹੀ ਹੁੰਦੀ ਹੈ ਕਿ ਕੋਈ ਦਰਮਿਆਨੇ ਪਰਵਾਰ ਦਾ ਬੱਚਾ ਵਿਦੇਸ਼ ਜਾ ਕੇ ਕਮਾਈਆਂ ਕਰੇ। ਮਾਪੇ ਵੀ ਆਪਣੇ ਦਿੱਲ ਉਤੇ ਪੱਥਰ ਰੱਖ ਕੇ ਆਪਣੇ ਨੌਜਵਾਨ ਲੜਕੇ ਨੂੰ ਸੱਤ ਸਮੁੰਦਰੋਂ ਪਾਰ ਭੇਜ ਸਕਦੇ ਹਨ। ਜੇ ਕਿਸੇ ਨੂੰ ਆਪਣੇ ਦੇਸ਼ ਵਿਚ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਕੋਈ ਵਿਦੇਸ਼ ਜਾਣਾ ਹੀ ਕਿਉਂ ਚਾਹਵੇਗਾ ?
-BS Gill