Friday, November 22, 2024
 

ਲਿਖਤਾਂ

ਦਾਦੀ ਜੀ ਦੇ ਕਿੱਸੇ

March 14, 2021 03:59 PM

ਇਕ ਪ੍ਰਵਾਰ ਵਿਚ ਦੋ ਬੱਚੇ ਜਿਨ੍ਹਾਂ ਵਿਚ ਇਕ ਲੜਕਾ ਜਿਸ ਦਾ ਨਾਮ ਸੁਮਿਤ ਅਤੇ ਇਕ ਲੜਕੀ ਜਿਸ ਦਾ ਨਾਮ ਮਨਦੀਪ ਸੀ। ਇਹ ਦੋਵੇਂ ਭੈਣ ਭਰਾ ਬਹੁਤ ਪਿਆਰ ਨਾਲ ਰਹਿੰਦੇ ਸਨ ਅਤੇ ਇਕ ਦੂਜੇ ਨਾਲ ਕਦੇ ਨਹੀਂ ਸਨ ਲੜਦੇ। ਇਹ ਦੋਵੇਂ ਅਪਣੇ ਦਾਦਾ-ਦਾਦੀ ਨੂੰ ਵੀ ਬਹੁਤ ਪਿਆਰ ਕਰਦੇ ਸਨ ਤੇ ਉਨ੍ਹਾਂ ਦੀ ਦੇਖ ਭਾਲ ਵੀ ਕਰਦੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਦੇ ਦਾਦਾ ਦਾਦੀ ਜੀ ਵੀ ਬੱਚਿਆਂ ਨੂੰ ਹਰ ਸਮੇਂ ਖ਼ੁਸ਼ ਵੇਖਣਾ ਚਾਹੁੰਦੇ ਸਨ ਅਤੇ ਸਦਾ ਉਨ੍ਹਾਂ ਨੂੰ ਚੰਗੀਆਂ ਗੱਲਾਂ ਲਈ ਪ੍ਰੇਰਦੇ ਰਹਿੰਦੇ ਸਨ। ਇਨ੍ਹਾਂ ਬੱਚਿਆਂ ਨੂੰ ਵੀ ਦਾਦਾ-ਦਾਦੀ ਪਾਸੋਂ ਰੋਜ਼ ਨਵੀਆਂ ਨਵੀਆਂ ਕਹਾਣੀਆਂ ਸੁਣ ਕੇ ਬਹੁਤ ਅਨੰਦ ਆਉਂਦਾ ਸੀ।
ਇਕ ਰਾਤ ਦੋਵੇਂ ਬੱਚੇ ਅਪਣੀ ਦਾਦੀ ਜੀ ਦੇ ਮੰਜੇ ’ਤੇ ਉਨ੍ਹਾਂ ਨਾਲ ਬੈਠ ਗਏ। ਮਨਦੀਪ ਨੇ ਅਪਣੀ ਦਾਦੀ ਜੀ ਨੂੰ ਕਿਹਾ, ‘‘ਦਾਦੀ ਜੀ, ਅੱਜ ਸਾਨੂੰ ਤੁਸੀ ਅਪਣੇ ਬਚਪਨ ਦੀ ਕੋਈ ਗੱਲ ਸੁਣਾਉ। ਅਜਿਹੀ ਗੱਲ, ਜੋ ਤੁਹਾਡੇ ਖ਼ੁਦ ਨਾਲ ਵਾਪਰੀ ਹੋਵੇ ਅਤੇ ਤੁਹਾਨੂੰ ਅੱਜ ਵੀ ਉਸ ਦੀ ਯਾਦ ਆਉਂਦੀ ਹੋਵੇ।’’
ਮਨਦੀਪ ਦੀ ਗੱਲ ਸੁਣ ਕੇ ਦਾਦੀ ਜੀ ਸੋਚਾਂ ਵਿਚ ਪੈ ਗਈ ਅਤੇ ਕੁੱਝ ਦੇਰ ਬਾਅਦ ਰੁਕ ਕੇ ਬੋਲੀ, ‘‘ਹਾਂ ਬੱਚਿਉ! ਮੇਰੇ ਜੀਵਨ ਵਿਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਹਨ ਪਰ ਮੇਰੇ ਬਚਪਨ ਦੀਆਂ ਦੋ ਤਿੰਨ ਗੱਲਾਂ ਮੈਨੂੰ ਕਦੇ ਭੁਲਦੀਆਂ।’’ ਤਾਂ ਸੁਮਿਤ ਵੀ ਬੋਲ ਪਿਆ, ‘‘ਹਾਂ ਦਾਦੀ ਜੀ! ਸਾਨੂੰ ਉਹੀ ਗੱਲਾਂ ਸੁਣਾ ਦਿਉ, ਜੋ ਤੁਹਾਡੇ ਬਚਪਨ ਵਿਚ ਵਾਪਰੀਆਂ ਸਨ।’’
ਦਾਦੀ ਜੀ ਨੇ ਅਪਣੀ ਕਹਾਣੀ ਸ਼ੁਰੁ ਕੀਤੀ ਤੇ ਕਿਹਾ, ‘‘ਜਦੋਂ ਮੈਂ 8-10 ਸਾਲ ਦੀ ਜਾਂ ਕਹਿ ਲਵੋ ਕਿ ਤੁਹਾਡੀ ਹੀ ਉਮਰ ਦੀ ਸੀ ਤਾਂ ਮੇਰਾ ਬਾਪੂ ਕੁੱਝ ਬੀਮਾਰ ਹੋ ਗਿਆ ਅਤੇ ਉਸ ਨੇ ਦਵਾਈ ਲੈਣ ਪਿੰਡ ਤੋਂ ਥੋੜ੍ਹੀ ਦੂਰ ਇਕ ਕਸਬੇ ਵਿਚ ਜਾਣਾ ਸੀ। ਉਹ ਮੈਨੂੰ ਵੀ ਅਪਣੇ ਨਾਲ ਲੈ ਗਏ। ਉਨ੍ਹਾਂ ਦਿਨਾਂ ਵਿਚ ਅੱਜ ਵਾਂਗ ਨਾਂ ਪੱਕੀਆਂ ਸੜਕਾਂ ਸਨ ਅਤੇ ਨਾ ਹੀ ਮੋਟਰ ਗੱਡੀਆਂ। ਕੱਚੇ ਅਤੇ ਉਜਾੜ ਰਾਹਾਂ ਵਿਚੋਂ ਤੁਰ ਕੇ ਹੀ ਜਾਣਾ ਪੈਂਦਾ ਸੀ। ਅਸੀ ਵੀ ਦੋਵੇਂ ਅਜਿਹੀ ਹੀ ਇਕ ਰਾਹ ਤੋਂ ਤੁਰ ਕੇ ਜਾ ਰਹੇ ਸੀ ਤਾਂ ਬਾਪੂ ਨੇ ਵੇਖਿਆ ਕਿ ਰਸਤੇ ਤੋਂ ਥੋੜ੍ਹੀ ਦੂਰ ਇਕ ਕਿੱਕਰ ਦੇ ਰੁੱਖ ਹੇਠ ਇਕ ਬਘਿਆੜ ਲੰਮਾ ਪਿਆ ਸੀ। ਮੈਂ ਉਸ ਨੂੰ ਵੇਖ ਕੇ ਬਹੁਤ ਡਰ ਗਈ ਸੀ। ਮੇਰੇ ਬਾਪੂ ਜੀ ਨੇ ਮੈਨੂੰ ਦਸਿਆ ਕਿ ਜਦੋਂ ਕੋਈ ਬਘਿਆੜ ਰਜਿਆ ਹੋਵੇ ਤਾਂ ਉਸ ਦੇ ਮੂੰਹ ਨੂੰ ਅਪਣੇ ਆਪ ਤਾਲਾ ਲੱਗ ਜਾਂਦਾ ਹੈ ਅਤੇ ਉਹ ਇਸ ਤਰ੍ਹਾਂ ਲੰਮਾ ਪੈ ਜਾਂਦਾ ਹੈ। ਪਰ ਅਸੀ ਫਿਰ ਵੀ ਡਰਦੇ ਡਰਦੇ ਉਸ ਰਸਤੇ ਤੋਂ ਬੜੀ ਮੁਸ਼ਕਲ ਨਾਲ ਨਿਕਲੇ ਅਤੇ ਕਸਬੇ ਵਿਚ ਪਹੁੰਚ ਕੇ ਬਾਪੂ ਲਈ ਦਵਾਈ ਲਈ। ਫਿਰ ਵਾਪਸ ਵੀ ਆਉਣਾ ਸੀ ਤਾਂ ਮੈਂ ਡਰਦੀ ਤੁਰਨ ਦਾ ਨਾਮ ਨਹੀਂ ਸੀ ਲੈ ਰਹੀ। ਮੇਰੇ ਬਾਪੂ ਜੀ ਨੇ ਮੈਨੂੰ ਹੌਸਲਾ ਦਿਤਾ ਤੇ ਫਿਰ ਵੀ ਅਸੀ ਡਰਦੇ ਡਰਦੇ ਘਰ ਨੂੰ ਚਾਲੇ ਪਾ ਦਿਤੇ। ਜਦੋਂ ਅਸੀ ਉਸੇ ਕਿੱਕਰ ਕੋਲ ਆਏ ਜਿਥੇ ਜਾਣ ਲਗਿਆਂ ਬਘਿਆੜ ਪਿਆ ਸੀ ਪਰ ਹੁਣ ਉਹ ਉਥੇ ਨਹੀਂ ਸੀ। ਬੜੀ ਮੁਸ਼ਕਲ ਨਾਲ ਮੈਂ ਘਰ ਆ ਕੇ ਸੁੱਖ ਦਾ ਸਾਹ ਲਿਆ। ਅੱਜ ਵੀ ਮੈਨੂੰ ਉਹ ਘਟਨਾ ਯਾਦ ਕਰ ਕੇ ਡਰ ਜਿਹਾ ਲਗਦਾ ਹੈ।’’
ਮਨਦੀਪ ਅਤੇ ਸੁਮਿਤ ਦੋਵੇਂ ਅਪਣੀ ਦਾਦੀ ਜੀ ਨਾਲ ਵਾਪਰੀ ਘਟਨਾ ਸੁਣ ਕੇ ਕੁੱਝ ਸਹਿਮ ਗਏ ਪਰ ਹੋਰ ਕੁੱਝ ਜਾਣਨ ਲਈ ਮਨਦੀਪ ਫਿਰ ਬੋਲ ਪਈ, ‘‘ਦਾਦੀ ਜੀ! ਹੁਣ ਕੋਈ ਹੋਰ ਗੱਲ ਸੁਣਾਉ।’’ ਦਾਦੀ ਜੀ ਵੀ ਸਮਝ ਗਈ ਕਿ ਬੱਚੇ ਕੁੱਝ ਡਰ ਗਏ ਹਨ ਤਾਂ ਉਨ੍ਹਾਂ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ, ‘‘ਬੱਚਿਉ! ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਹੈ। ਸਾਡੇ ਪਿੰਡ ਤੋਂ ਕੁਰਾਲੀ ਸ਼ਹਿਰ ਨੇੜੇ ਹੀ ਹੈ। ਜਦੋਂ ਪੁਰਾਣੇ ਸਮਿਆਂ ਵਿਚ ਸਰਹਿੰਦ ਤੋਂ ਨੰਗਲ ਡੈਮ ਤਕ ਰੇਲਵੇ ਲਾਈਨ ਬਣਾਈ ਗਈ ਤਾਂ ਜਿਸ ਦਿਨ ਪਹਿਲੀ ਰੇਲ ਗੱਡੀ ਨੇ ਚਲਣਾ ਸੀ ਤਾਂ ਸਾਡੇ ਪਿੰਡ ਵਿਚ ਰੌਲਾ ਪੈ ਗਿਆ ਕਿ ਇਸ ਦਿਨ ਇਧਰੋਂ ਰੇਲ ਗੱਡੀ ਲੰਘੇਗੀ। ਲੋਕਾਂ ਵਿਚ ਰੇਲ ਵੱਡੀ ਨੂੰ ਪਹਿਲੀ ਵਾਰ ਵੇਖਣ ਦਾ ਬਹੁਤ ਚਾਅ ਸੀ। ਅਸੀ ਵੀ ਬਾਪੂ ਜੀ ਨੂੰ ਗੱਡੀ ਦਿਖਾਉਣ ਲਈ ਕਿਹਾ ਅਤੇ ਉਸ ਖਾਸ ਦਿਨ ਅਸੀ ਬੱਚੇ ਸਾਰੇ ਬੱਚੇ ਅਪਣੇ ਬਾਪੂ ਜੀ ਨਾਲ ਕੁਰਾਲੀ ਪਹਿਲੀ ਵਾਰ ਰੇਲ ਗੱਡੀ ਵੇਖਣ ਲਈ ਪਹੁੰਚ ਗਏ। ਇਕ ਥਾਂ ਕੱਚੀ ਸੜਕ ਤੇ ਫਾਟਕ ਲਗਿਆ ਹੋਇਆਸੀ। ਫਾਟਕ ਦੇ ਕੋਲ ਕਈ ਖਾਣ ਪੀਣ ਦੀਆਂ ਦੁਕਾਨਾਂ ਵੀ ਸਨ। ਅਸੀ ਉਨ੍ਹਾਂ ਦੁਕਾਨਾਂ ਕੋਲ ਰੁਕ ਗਏ। ਉਥੇ ਪਹਿਲਾਂ ਹੀ ਗੱਡੀ ਨੂੰ ਵੇਖਣ ਵਾਲਿਆਂ ਦੀ ਕਾਫ਼ੀ ਭੀੜ ਲੱਗੀ ਹੋਈ ਸੀ ਤੇ ਸਾਰੇ ਗੱਡੀ ਆਉਣ ਦੀ ਉਡੀਕ ਕਰ ਰਹੇ ਸਨ। ਮੇਰੇ ਭਰਾ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਉਸ ਦੀ ਵਹੁਟੀ ਵੀ ਸਾਡੇ ਨਾਲ ਗੱਡੀ ਵੇਖਣ ਲਈ ਆਈ ਹੋਈ ਸੀ।
ਕਈ ਘੰਟਿਆਂ ਦੇ ਇਤਜ਼ਾਰ ਤੋਂ ਬਾਅਦ ਗੱਡੀ ਦੀ ਚੀਕ ਸੁਣਾਈ ਦਿਤੀ। ਸਾਰੇ ਲੋਕ ਲਾਈਨ ਦੇ ਨੇੜੇ ਹੋ ਗਏ। ਦੁਕਾਨਦਾਰਾਂ ਨੇ ਇਹ ਸੋਚ ਕੇ ਅਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ ਕਿ ਕੀ ਪਤਾ ਗੱਡੀ ਲਾਈਨ ਤੋਂ ਹੇਠਾਂ ਨਾ ਉਤਰ ਜਾਵੇ। ਗੱਡੀ ਦਾ ਵੱਡਾ ਕਾਲਾ ਇੰਜਨ ਧੂੰਆਂ ਛੱਡਦਾ ਹੋਇਆ ਡੱਬਿਆਂ ਨੂੰ ਖਿੱਚੀ ਆਉਂਦੇ ਵੇਖ ਕੇ ਉਥੇ ਖੜੇ ਲੋਕਾਂ ਨੇ ਸ਼ੋਰ ਮਚਾ ਦਿਤਾ। ਬਸ! ਫਿਰ ਇਕ ਇਕ ਕਰ ਕੇ ਸੱਭ ਡੱਬੇ ਸਾਡੇ ਕੋਲੋਂ ਨਿਕਲਦੇ ਗਏ ਤੇ ਅਸੀ ਇਹ ਨਜ਼ਾਰਾ ਵੇਖ ਕੇ ਬਹੁਤ ਖ਼ੁਸ਼ ਹੋਏ। ਜਦੋਂ ਗੱਡੀ ਲੰਘ ਗਈ ਤਾਂ ਦੁਕਾਨਦਾਰਾਂ ਨੇ ਫਿਰ ਤੋਂ ਅਪਣੀਆਂ ਦੁਕਾਨਾਂ ਖੋਲ੍ਹ ਦਿਤੀਆਂ।
ਹੁਣ ਅਸੀ ਗੱਡੀ ਤਾਂ ਵੇਖ ਚੁੱਕੇ ਸੀ ਤੇ ਸਾਡੇ ਬਾਪੂ ਜੀ ਨੇ ਸਾਨੂੰ ਠੰਢੇ ਬੱਤੇ ਪੀਣ ਲਈ ਪੁਛਿਆ। ਅਸੀ ਸਾਰਿਆਂ ਨੇ ਖ਼ੁਸ਼ੀ ਖ਼ੁਸ਼ੀ ਹਾਂ ਕਰ ਦਿਤੀ ਅਤੇ ਬਾਪੂ ਜੀ ਸਾਨੂੰ ਇਕ ਦੁਕਾਨ ’ਤੇ ਲੈ ਗਏ। ਦੁਕਾਨਦਾਰ ਗਿਲਾਸਾਂ ਵਿਚ ਠੰਢੇ ਪਾ ਕੇ ਉਸ ਵਿਚ ਬਰਫ਼ ਕੁੱਟ ਕੁੱਟ ਕੇ ਪਾਉਣ ਲਗਿਆ ਤਾਂ ਮੇਰੀ ਭਰਜਾਈ ਜਿਹੜੀ ਥੋੜ੍ਹੀ ਸਧਾਰਣ ਅਤੇ ਅਨਪੜ੍ਹ ਸੀ, ਕਹਿਣ ਲੱਗੀ, ‘ਭਾਈ ਐਨਾ ਲੂਣ ਨਾ ਪਾਈਂ।’ ਇਹ ਗੱਲ ਸੁਣ ਕੇ ਅਸੀ ਸਾਰੇ ਉੱਚੀ ਉੱਚੀ ਹਸਣ ਲੱਗ ਪਏ ਅਤੇ ਮੈਂ ਅਪਣੀ ਭਰਜਾਈ ਨੂੰ ਦਸਿਆ ਕਿ ਇਹ ਲੂਣ ਨਹੀਂ ਬਰਫ਼ ਹੈ ਜੋ ਬੱਤੇ ਨੂੰ ਠੰਢਾ ਕਰਨ ਲਈ ਪਾਈ ਜਾਂਦੀ ਹੈ। ਇਸ ਤਰ੍ਹਾਂ ਇਹ ਵੀ ਮੇਰੇ ਜੀਵਨ ਦੀ ਇਕ ਅਭੁੱਲ ਯਾਦਗਾਰ ਬਣ ਗਈ। ਹਰ ਮਨੁੱਖ ਦੇ ਜੀਵਨ ਵਿਚ ਕੁੱਝ ਯਾਦਾਂ ਅਮਿੱਟ ਰਹਿ ਜਾਂਦੀਆਂ ਹਨ, ਅਪਣੀ ਆਉਣ ਵਾਲੀ ਪੀੜ੍ਹੀ ਨੂੰ ਸੁਣਾਉਣ ਲਈ।’’
ਦਾਦੀ ਦੀਆਂ ਬਾਤਾਂ ਸੁਣ ਕੇ ਦੋਵੇਂ ਬੱਚੇ ਖ਼ੁਸ਼ੀ ਵਿਚ ਛਾਲਾਂ ਮਾਰਦੇ ਹੋਏ ਅਪਣੇ ਕਮਰੇ ਵਿਚ ਚਲੇ ਗਏ।

 

Have something to say? Post your comment

Subscribe