ਆਸਟ੍ਰੇਲੀਆ (ਏਜੰਸੀਆਂ) : ਸੜਕ ਪਰਿਵਹਨ ਮੰਤਰੀ ਪਾਲ ਟੂਲੇ ਨੇ ਇੱਕ ਜਾਣਕਾਰੀ ਰਾਹੀਂ ਕਿਹਾ ਕਿ ਆਸਟ੍ਰੇਲੀਆ ਵਿਚਲੇ ਰੇਲ ਗੱਡੀਆਂ ਦੇ ਇਤਿਹਾਸ ਦਾ ਹਾਣੀ ਇੰਜਣ -ਲੋਕੋਮੋਟਿਵ 3801, ਨੂੰ ਮੁੜ ਤੋਂ ਲੋਕਾਂ ਦੀ ਸੇਵਾ ਵਿੱਚ ਲੀਹਾਂ ਉਪਰ ਦੌੜਾਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸੇ ਵੀਕਐਂਡ ਤੇ ਇਹ ਇੰਜਨ ਤਕਰੀਬਨ ਇੱਕ ਦਸ਼ਕ ਦੇ ਸਮੇਂ ਤੋਂ ਬਾਅਦ ਮੁੜ ਤੋਂ ਦੌੜੇਗਾ। ਇਸ ਵਾਸਤੇ ਰਾਜ ਸਰਕਾਰ ਨੇ 3.5 ਮਿਲੀਅਨ ਡਾਲਰਾਂ ਦਾ ਫੰਡ ਨਿਵੇਸ਼ ਕੀਤਾ ਹੈ ਅਤੇ ਇਸ ਨੂੰ ਗ੍ਰਾਹਕਾਂ ਅਤੇ ਯਾਤਰੀਆਂ ਦੀ ਮੰਗ ਉਪਰ ਮੁੜ ਤੋਂ ਤਿਆਰ ਕਰਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਯਾਤਰੀ ਇਸ ਵਿੱਚ ਸੈਂਟਰ ਸਟੇਸ਼ਨ ਤੋਂ ਇੱਕ ਘੰਟੇ ਦੀ ਸ਼ਟਲ ਰਾਈਡ ਦਾ ਆਨੰਦ ਉਠਾ ਸਕਦੇ ਹਨ। ਉਨ੍ਹਾਂ ਨੇ ਉਚੇਚੇ ਤੌਰ ਤੇ ਅਧਿਕਾਰੀਆਂ ਅਤੇ ਵਰਕਰਾਂ ਨੂੰ ਇਸ ਵਿਰਾਸਤੀ ਆਈਕਨ ਨੂੰ ਸਾਂਭਣ ਅਤੇ ਮੁੜ ਤੋਂ ਚਾਲੂ ਕਰਨ ਲਈ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ।
ਅਗਲੇ ਕੁੱਝ ਮਹੀਨਿਆਂ ਵਿੱਚ ਹੀ 3801 ਨੂੰ ਸਦਰਨ ਹਾਈਲੈਂਡਜ਼, ਐਲਬਰੀ, ਵਾਗਾ ਵਾਗਾ, ਜੂਨੀ, ਦ ਬਲੂ ਮਾਊਂਟੇਨਜ਼ ਅਤੇ ਪੱਛਮੀ ਅਤੇ ਉਤਰੀ ਨਿਊ ਸਾਊਥ ਵੇਲਜ਼ ਵਿਚਲੇ ਖੇਤਰਾਂ ਅਦਿ ਵਿੱਚ ਵੀ ਚਲਾਇਆ ਜਾਵੇਗਾ। ਉਕਤ ਇੰਜਣ ਨੂੰ ਪਹਿਲੀ ਵਾਰੀ 1943 ਵਿੱਚ ਲਾਂਚ ਕੀਤਾ ਗਿਆ ਸੀ ਜਦੋਂ ਕਿ ਇਸ ਇੰਜਣ ਨੇ ਆ ਕੇ ਰਾਜ ਵਿਚਲੇ ਰੇਲਵੇ ਦਾ ਦੌਰ ਹੀ ਬਦਲ ਦਿੱਤਾ ਸੀ ਜਦੋਂ ਇਸ ਦੀ ਪਹਿਲੀ ਯਾਤਰਾ ਨੂੰ ਸੈਂਟਰਲ ਸਟੇਸ਼ਨ ਤੋਂ ਚਲਾਇਆ ਗਿਆ ਸੀ ਅਤੇ ਆਪਣੇ ਕਾਰਜਕਾਲ ਦੇ 20 ਸਾਲ ਇਸ ਇੰਜਣ ਨੇ ਬਾਖੂਬੀ ਨਿਭਾਏ ਅਤੇ ਫੇਰ ਇਸਨੂੰ 1962 ਵਿੱਚ ਸੇਵਾ ਮੁਕਤ ਕਰ ਲਿਆ ਗਿਆ ਸੀ।