ਸਿੰਗਾਪੁਰ : ਸਿੰਗਾਪੁਰ ਵਿਚ 'ਮੰਕੀਪੌਕਸ' ਦਾ ਹੁਣ ਤਕ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਇਕ ਨਾਈਜੀਰੀਆਈ ਵਿਅਕਤੀ ਇਸ ਬੀਮਾਰੀ ਨੂੰ ਲੈ ਕੇ ਆਇਆ, ਜੋ ਇਕ ਵਿਆਹ ਵਿਚ ਬੁਸ਼ ਮੀਟ ਖਾ ਕੇ ਇਸ ਦੁਰੱਲਭ ਵਾਇਰਸ ਦੇ ਸੰਪਰਕ ਵਿਚ ਆਇਆ। ਜ਼ਿਕਰਯੋਗ ਹੈ ਕਿ ਊਸ਼ਣਕਟੀਬੰਧੀ ਜੰਗਲਾਂ ਵਿਚ ਭੋਜਨ ਦੇ ਤੌਰ 'ਤੇ ਖਾਧੇ ਜਾਣ ਵਾਲੇ ਗੈਰ ਪਾਲਤੂ ਥਣਧਾਰੀਆਂ, ਸੱਪਾਂ, ਜਲਸਥਲੀ ਜੀਵਾਂ ਅਤੇ ਪੰਛੀਆਂ ਦੇ ਮਾਂਸ ਨੂੰ ਬੁਸ਼ ਮੀਟ ਕਹਿੰਦੇ ਹਨ।
ਮੱਧ ਅਤੇ ਪੱਛਮੀ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਮੰਕੀਪੌਕਸ ਦੇ ਮਨੁੱਖਾਂ ਵਿਚ ਮਿਲਣ ਵਾਲੇ ਲੱਛਣਾਂ ਵਿਚ ਸਦਮਾ, ਬੁਖਾਰ, ਹੱਡੀਆਂ ਵਿਚ ਦਰਦ ਅਤੇ ਠੰਡ ਲੱਗਣਾ ਸ਼ਾਮਲ ਹੈ। ਆਮਤੌਰ 'ਤੇ ਇਹ ਬੀਮਾਰੀ ਜਾਨਲੇਵਾ ਨਹੀਂ ਹੁੰਦੀ ਪਰ ਦੁਰਲੱਭ ਮਾਮਲਿਆਂ ਵਿਚ ਜਾਨਲੇਵਾ ਵੀ ਹੋ ਸਕਦੀ ਹੈ। ਸ਼ਹਿਰ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਦੇਰ ਸ਼ਾਮ ਇਕ ਬਿਆਨ ਵਿਚ ਕਿਹਾ ਕਿ ਜਿਹੜਾ ਵਿਅਕਤੀ ਇਹ ਵਾਇਰਸ ਲੈ ਕੇ ਆਇਆ ਉਹ 28 ਅਪ੍ਰੈਲ ਨੂੰ ਸਿੰਗਾਪੁਰ ਪਹੁੰਚਿਆ ਸੀ।
ਮੰਤਰਾਲੇ ਨੇ ਦਸਿਆ ਕਿ 38 ਸਾਲ ਵਿਅਕਤੀ ਨੂੰ ਦੋ ਦਿਨ ਬਾਅਦ ਇਸ ਦੇ ਲੱਛਣ ਦਿਖਾਈ ਦਿੱਤੇ। ਉਸ ਨੂੰ ਹੁਣ ਤਕ ਸਥਿਰ ਹਾਲਤ ਵਿਚ ਇਕ ਇਨਫੈਕਸ਼ਨ ਇਲਾਜ ਕੇਂਦਰ ਵਿਚ ਵੱਖਰਾ ਰਖਿਆ ਗਿਆ ਹੈ। ਮੰਤਰਾਲੇ ਨੇ ਕਿਹਾ, ''ਭਾਵੇਂਕਿ ਇਸ ਦੇ ਫੈਲਣ ਦਾ ਖਤਰਾ ਘੱਟ ਹੈ ਪਰ ਫਿਰ ਵੀ ਸਾਵਧਾਨੀ ਵਰਤੀ ਜਾ ਰਹੀ ਹੈ।''