ਅੰਮ੍ਰਿਤਸਰ (ਏਜੰਸੀਆਂ) : ਅਕਸਰ ਪੁਲਿਸ ਵਾਲਿਆਂ ਦਾ ਨਾਂ ਸੁਣ ਕੇ ਇਕ ਰੋਅਬਦਾਰ ਚਿਹਰਾ ਸਾਹਮਣੇ ਆ ਜਾਂਦਾ ਹੈ ਪਰ ਪੁਲਿਸ ਵਾਲੇ ਵੀ ਇਨਸਾਨ ਹੁੰਦੇ ਹਨ ਤੇ ਕਈ ਵਾਰ ਤਾਂ ਉਹ ਮਾਨਵਤਾ ਦਾ ਅਜਿਹਾ ਕੰਮ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਰੱਬ ਸਮਾਨ ਕਹਿਣਾ ਪੈਂਦਾ ਹੈ। ਠਅਜਿਹਾ ਕਾਰਨਾਮਾ ਇਕ ਸਹਾਇਕ ਸਬ ਇੰਸਪੈਕਟਰ ਨੇ ਕੀਤਾ ਹੈ। ਇਕ ਮਾਂ ਅਪਣੀ ਪੰਜ ਮਹੀਨੇ ਦੀ ਬੱਚੀ ਨੂੰ ਅੰਮ੍ਰਿਤਸਰ ਦੇ ਬੱਸ ਸਟੈਂਡ ਥਾਣੇ ਨੇੜੇ ਸੜਕ ’ਤੇ ਛੱਡ ਕੇ ਫ਼ਰਾਰ ਹੋ ਗਈ। ਜਿਵੇਂ ਹੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚ ਗਈ ਅਤੇ ਬੱਚੇ ਨੂੰ ਥਾਣੇ ਲੈ ਗਈ ਅਤੇ ਉਸ ਨੂੰ ਬੋਤਲ ਦੇ ਨਾਲ ਏਐਸਆਈ ਨੇ ਦੁੱਧ ਪਿਆਇਆ।
ਥਾਣੇ ਅੰਦਰ ਪੰਜ ਮਹੀਨਿਆਂ ਦੀ ਇਕ ਬੱਚੀ ਨੂੰ ਬੋਤਲ ਦੇ ਨਾਲ ਦੁੱਧ ਪਿਲਾਉਂਦੇ ਹੋਏ ਇਹ ਪੰਜਾਬ ਪੁਲਿਸ ਏਐਸਆਈ ਕਪਿਲ ਦੇਵ ਹਨ। ਇਸ ਲੜਕੀ ਦਾ ਨਾ ਤਾਂ ਪਿਤਾ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰ ਹੈ, ਪਰ ਇਹ ਤਸਵੀਰ ਬਹੁਤ ਕੱੁਝ ਦੱਸ ਰਹੀ ਹੈ। ਬੱਚੀ ਨੂੰ ਪੁਲਿਸ ਦੇ ਏਐਸਆਈ ਥਾਣੇ ਲੈ ਆਏ। ਜਦੋਂ ਬੱਚੀ ਭੁੱਖ ਕਾਰਨ ਰੋਣ ਲੱਗੀ ਤਾਂ ਕਪਿਲ ਦੇਵ ਨੇ ਇਕ ਬੋਤਲ ਮੰਗਵਾਈ ਅਤੇ ਤਕਰੀਬਨ ਇੱਕ ਘੰਟਾ ਦੁੱਧ ਪਿਲਾਉਣ ਤੋਂ ਬਾਅਦ ਚਾਈਲਡ ਹੈਲਪਲਾਈਨ ਨੂੰ ਬੁਲਾਇਆ ਅਤੇ ਬੱਚੀ ਨੂੰ ਸੌਂਪ ਦਿਤਾ। ਉਨ੍ਹਾਂ ਕਿਹਾ ਕਿ ਬੱਚੇ ਨੂੰ ਮੈਡੀਕਲ ਚੈਕਅਪ ਅਤੇ ਪਾਲਣ ਪੋਸ਼ਣ ਲਈ ਚਿਲਡਰਨ ਹੈਲਪਲਾਈਨ ਵਿਖੇ ਛੱਡ ਦਿਤਾ ਗਿਆ ਹੈ। ਏ.ਐਸ.ਆਈ ਕਪਿਲ ਦੇਵ ਦੀ ਇਸ ਚੰਗੇ ਕੰਮ ਲਈ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।