ਆਸਟ੍ਰੇਲੀਆ : ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਵੀਜ਼ਾ ਅਰਜ਼ੀਆਂ ਦੇ ਮੁਲਾਂਕਣ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇ ਆਦੇਸ਼ ਜਾਰੀ ਕਰਦਿਆਂ ਉਨ੍ਹਾਂ ਦਸਿਆ ਕਿ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਗੈਰ-ਆਸਟ੍ਰੇਲੀਅਨ ਨਾਗਰਿਕਾਂ ਨੂੰ ਆਸਟ੍ਰੇਲੀਆ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਹ ਬਿਆਨ 'ਚਰਿੱਤਰ ਟੈਸਟ' ਵਿੱਚ ਨਵੀਂ ਸੋਧ ਉਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਦਿੱਤਾ ਅਤੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗ ਦੀ ਰੱਖਿਆ ਦੇ ਉਦੇਸ਼ ਨਾਲ਼ ਇਹ ਫ਼ੈਸਲਾ ਲਿਆ ਗਿਆ ਹੈ। ਨਵੇਂ ਸਖਤ ਨਿਯਮਾਂ ਤਹਿਤ ਹੁਣ ਅਪਰਾਧੀ ਐਲਾਨੇ ਗਏ ਗੈਰ-ਨਾਗਰਿਕਾਂ ਦੇ ਦਾਖਲੇ ਜਾਂ ਉਨ੍ਹਾਂ ਨੂੰ ਇੱਥੇ ਸਥਾਈ ਤੌਰ ਉੱਤੇ ਰਹਿਣ ਤੋਂ ਰੋਕਣ ਲਈ ਵੀਜ਼ਾ ਅਰਜ਼ੀਆਂ ਵਿੱਚ 'ਚਰਿੱਤਰ ਟੈਸਟ' ਨੂੰ ਹੋਰ ਸਖ਼ਤ ਕਰਣ ਦਾ ਫ਼ੈਸਲਾ ਕੀਤਾ ਹੈ। ਅਰਜ਼ੀ ਦੇਣ ਵੇਲੇ ਗੈਰ-ਨਾਗਰਿਕ 'ਚਰਿੱਤਰ ਟੈਸਟ' ਪਾਸ ਨਹੀਂ ਕਰ ਸਕੇ ਜਾਂ ਵੀਜ਼ਾ ਦਿੱਤੇ ਜਾਣ ਤੋਂ ਬਾਅਦ 'ਚੰਗੇ ਚਰਿੱਤਰ' ਨੂੰ ਬਣਾਈ ਰੱਖਣ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਭਵਿੱਖ ਵਿੱਚ ਉਨ੍ਹਾਂ ਦਾ ਆਸਟ੍ਰੇਲੀਆ ਰਹਿਣਾ ਮੁਮਕਿਨ ਨਹੀਂ ਹੋਵੇਗਾ। ਨਵੇਂ ਨਿਯਮਾਂ ਅਧੀਨ ਧੋਖਾਧੜੀ, ਜਬਰਦਸਤੀ, ਸ਼ੋਸ਼ਣ, ਪਰਿਵਾਰਕ ਹਿੰਸਾ, ਬਜ਼ੁਰਗਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਲੋਕਾਂ ਪ੍ਰਤੀ ਅਣਗਹਿਲੀ ਵਰਗੇ ਗੰਭੀਰ ਅਪਰਾਧਾਂ ਦੇ ਵਿੱਚ ਜੇ ਕੋਈ ਵੀ ਸ਼ਾਮਲ ਹੈ ਜਾਂ ਰਿਹਾ ਹੈ ਤਾਂ ਵੀਜ਼ਾ ਧਾਰਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ।