ਬਠਿੰਡਾ, 10 ਮਾਰਚ (ਏਜੰਸੀਆਂ) : ਬੁੱਧਵਾਰ ਨੂੰ ਵਿੱਤ ਮੰਤਰੀ ਦਫਤਰ ਅੱਗੇ ਕੀਤੀ ਕਥਿਤ ਬਦਸਲੂਕੀ ਅਤੇ ਆਂਗਣਵਾੜੀ ਆਗੂਆਂ ਖਿਲਾਫ ਦਰਜ ਪੁਲਿਸ ਕੇਸ ਨੂੰ ਲੈਕੇ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਐਸ ਐਸ ਪੀ ਦੇ ਦਫਤਰ ਅੱਗੇ ਧਰਨਾ ਦੇਣ ਕਾਰਨ ਬਠਿੰਡਾ ਪੁਲਿਸ ਅੱਜ ਪੂਰਾ ਦਿਨ ਪੱਬਾਂ ਭਾਰ ਰਹੀ। ਦੋ ਤਿੰਨ ਸਾਲ ਪਹਿਲਾਂ ਕੌਮਾਂਤਰੀ ਔਰਤ ਦਿਵਸ ਮੌਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਦਾਖਲ ਹੋਕੇ ਡੀ ਸੀ ਦਫਤਰ ਨੂੰ ਘੇਰਨ ’ਚ ਕਾਮਯਾਬ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਤਜਾ ਤੇਵਰਾਂ ਕਾਰਨ ਅੱਜ ਪੁਲਿਸ ਜਿਆਦਾ ਮੁਸਤੈਦ ਦਿਖਾਈ ਦਿੱਤੀ। ਭਾਵੇਂ ਪੁਲਿਸ ਦੇ ਆਹਲਾ ਅਧਿਕਾਰੀਆਂ ਨੇ ਇਸ ਮੁੱਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਹਰ ਤਰਫ ਪੁਲਿਸ ਦੀ ਚੌਕਸੀ ਦੱਸ ਰਹੀ ਸੀ ਕਿ ਔਰਤਾਂ ਦਾ ਧਾਵਾ ਪ੍ਰਸ਼ਾਸ਼ਨ ਲਈ ਸਮੱਸਿਆ ਖੜ੍ਹੀ ਕਰ ਸਕਦਾ ਹੈ।
ਪੁਲਿਸ ਪ੍ਰਸ਼ਾਸ਼ਨ ਵੱਲੋਂ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਲਾਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਆਂਗਣਵਾੜੀ ਮੁਲਾਜਮਾਂ ਦੇ ਧਰਨੇ ਦਾ ਸਮਾਂ ਸਾਢੇ 11 ਵਜੇ ਦਾ ਸੀ ਪਰ ਪੁਲਿਸ ਪ੍ਰਸ਼ਾਸ਼ਨ ਨੇ ਸਵੇਰ ਤੋਂ ਹੀ ਪੁਲਿਸ ਮੁਲਾਜਮਾਂ ਨੂੰ ਡਿਊਟੀਆਂ ਤੇ ਲਾ ਦਿੱਤਾ ਸੀ। ਮਹੱਤਵਪੂਰਨ ਤੱਥ ਹੈ ਕਿ ਸੁਰੱਖਿਆ ਇੰਤਜਾਮਾਂ ਦੀ ਦੇਖ ਰੇਖ ਲਈ ਪੁਲਿਸ ਦੇ ਤਿੰਨ ਡੀ ਐਸ ਪੀਜ਼ ਨੇ ਜਿੰਮਾ ਸੰਭਾਲਿਆ ਹੋਇਆ ਸੀ। ਪੁਲਿਸ ਨੇ ਜਿਲ੍ਹਾ ਕਚਹਿਰੀਆਂ ਦੇ ਸਾਹਮਣੇ ਐਸ ਐਸ ਪੀ ਦਫਤਰ ਨੂੰ ਜਾਣ ਵਾਲ ਗੇਟ ਬੰਦ ਕਰਕੇ ਪੁਲਿਸ ਮੁਲਾਜਮਾਂ ਦਾ ਕਰੜਾ ਪਹਿਰਾ ਲਾਇਆ ਹੋਇਆ ਸੀ। ਇੰਨ੍ਹਾਂ ਗੇਟਾਂ ਲਾਗੇ ਪੁਲਿਸ ਦੀ ਜਲ ਤੋਪ, ਦੰਗਾ ਰੋਕੂ ਵਾਹਨ ਅਤੇ ਗ੍ਰਿਫਤਾਰੀਆਂ ਦੀ ਸੂਰਤ ’ਚ ਬੱਸ ਵੀ ਲਿਆਂਦੀ ਗਈ ਸੀ। ਇਸ ਤੋਂ ਇਲਾਵਾ ਚਾਰੋ ਤਰਫ ਬੈਰੀਕੇਫਿੰਗ ਕਰਕੇ ਆਮ ਲੋਕਾਂ ਦਾ ਲਾਂਘਾ ਬੰਦ ਕੀਤਾ ਹੋਇਆ ਹੋਇਆ ਸੀ। ਅੱਜ ਤਾਂ ਪੁਲਿਸ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਵੀ ਪੁਲਿਸ ਦੀ ਤਾਇਨਾਤੀ ਕੀਤੀ ਹੋਈ ਸੀ।ਵਿਸ਼ੇਸ਼ ਪਹਿਲੂ ਹੈ ਕਿ ਆਮ ਤੌਰ ਤੇ ਇਸ ਲਾਂਘੇ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ ਹੈ। ਖਾਸ ਤੌਰ ਤੇ ਪਿਛਲੇ ਗੇਟ ਤੇ ਸੁਰੱਖਿਆ ਕਰਮੀਆਂ ਵੱਲੋਂ ਆਪੋ ਆਪਣੇ ਕੰਮ ਕਾਜ ਲਈ ਆਉਣ ਵਾਲਿਆਂ ਦੀ ਨਿਗਰਾਨੀ ਰੱਖਣ ਦੇ ਨਾਲ ਨਾਲ ਔਰਤਾਂ ਤੋਂ ਆਉਣ ਸਬੰਧੀ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਸੀ। ਅਜਿਹਾ ਹੀ ਨਜ਼ਾਰਾ ਮੁੱਖ ਸੜਕ ਦੇ ਸਾਹਮਣੇ ਪੈਂਦੇ ਗੇਟ ਦਾ ਸੀ ਜਿੱਥੇ ਜਿੰਦਰਾ ਮਾਰ ਕੇ ਗੇਟ ਨੂੂੰ ਬੰਦ ਕੀਤਾ ਗਿਆ ਸੀ।
ਔਰਤਾਂ ਦੇ ਧਰਨੇ ਕਾਰਨ ਇਸ ਲਾਂਘੇ ਤੇ ਲੇਡੀ ਪੁਲਿਸ ਦੀਆਂ ਦੋ ਕਰਮਚਾਰਨਾਂ ਪੂਰੀ ਮੁਸਤੈਦੀ ਨਾਲ ਪਹਿਰਾ ਦੇ ਰਹੀਆਂ ਸਨ। ਇੰਨ੍ਹਾਂ ਪ੍ਰਬੰਧਾਂ ਦੇ ਨਾਲੋ ਨਾਲ ਖੁਫੀਆ ਵਿਭਾਗ ਦੇ ਮੁਲਾਜਮ ਵੀ ਧਰਨੇ ’ਚ ਆਉਣ ਜਾਣ ਵਾਲਿਆਂ ਦੀ ਦੇਖ ਰੇਖ ਕਰ ਰਹੇ ਸਨ ਜਦੋਂ ਕਿ ਸਾਦੇ ਕੱਪੜਿਆਂ ’ਚ ਡਿਊਟੀ ਦੇ ਰਹੀਆਂ ਲੇਡੀ ਪੁਲਿਸ ਦੀਆਂ ਮੁਲਾਜਮਾਂ ਇਸ ਤੋਂ ਵੱਖਰੀਆਂ ਸਨ। ਬੀਕੇਯੂ ਉਗਰਾਹਾਂ ਵੱਲੋਂ ਭਰਾਤਰੀ ਹਮਾਇਤ ਅੱਜ ਦੇ ਧਰਨੇ ’ਚ ਭਰਾਤਰੀ ਹਮਾਇਤ ਵਜੋਂ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁੰਨਾਂ ਕਾਰਨ ਵੀ ਪੁਲਿਸ ਨੂੰ ਚੌਕਸ ਰਹਿਣਾ ਪਿਆ। ਅੱਜ ਦੇ ਧਰਨੇ ’ਚ ਸ਼ਾਮਲ ਹੋਕੇ ਕਿਸਾਨ ਯੂਨੀਅਨ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ, ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਅਤੇ ਦਰਸ਼ਨ ਸਿੰਘ ਮਾਈਸਰਖਾਨਾ ਨੇ ਪੁਲਿਸ ਕਾਰਵਾਈ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਵਰਕਰਾਂ ਅਤੇ ਹੈਲਪਰਾਂ ਖਿਲਾਫ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਆਂਗਣਵਾੜੀ ਮੁਲਾਜਮਾਂ ਨਾਲ ਧੱਕਾ ਕੀਤਾ ਤਾਂ ਜੱਥੇਬੰਦੀ ਮੋਢੇ ਨਾਲ ਮੋਢਾ ਜੋੜਕੇ ਲੜਾਈ ਲੜੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਰੰਗ ਹੀ ਵੱਖਰੇ ਹਨ ਆਮ ਲੋਕਾਂ ਦੀ ਲੁੱਟ ਕਾਰਨ ’ਚ ਸਾਰੀਆਂ ਪਾਰਟੀਆਂ ਹੀ ਘਿਓ ਖਿਚੜੀ ਹਨ। ਉਨ੍ਹਾਂ ਸਰਕਾਰਾਂ ਤੋਂ ਝਾਕ ਛੱਡ ਕੇ ਆਪਣੇ ਹੱਕਾਂ ਖਾਤਰ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਵੀ ਦਿੱਤਾ।
ਜਮਹੂਰੀ ਅਧਿਕਾਰ ਸਭਾ ਵੱਲੋਂ ਨਿਖੇਧੀ
ਬਠਿੰਡਾ ਪੁਲਿਸ ਵੱਲੋਂ ਆਂਗਣਵਾੜੀ ਮੁਲਾਜਮਾਂ ਨਾਲ ਕੀਤੀ ਕਥਿਤ ਛੇੜਛਾੜ ਅਤੇ ਦਰਜ ਪੁਲਿਸ ਕੇਸਾਂ ਦੀ ਨਿਖੇਧੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤ ਪਾਲ ਸਿੰਘ ਨੇ ਕਿਹਾ ਕਿ ਲੋਕ ਰਾਜ ਵਿੱਚ ਹਰ ਨਾਗਰਿਕ ਨੂੰ ਆਪਣੀ ਅਵਾਜ ਉਠਾਉਣ ਦਾ ਹੱਕ ਹਾਸਲ ਹੈ ਪਰ ਪੰਜਾਬ ਸਰਕਾਰ ਜਨਤਾ ਦੀ ਅਵਾਜ ਡੰਡੇ ਦੇ ਜੋਰ ਨਾਲ ਦਬਾਉਣ ਦੇ ਰਾਹ ਤੇ ਤੁਰ ਪਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਹਾਕਮ ਅਮਨ ਕਾਨੂੰਨ ਨੂੰ ਕਾਇਮ ਰੱਖਣ ਵਾਲੀ ਪੁਲਿਸ ਨੂੰ ਵੀ ਆਪਣੇ ਨਿੱਜੀ ਦਸਤਿਆਂ ਦੀ ਤਰ੍ਹਾ ਇਸਤੇਮਾਲ ਕਰਨ ਲੱਗ ਪਏ ਹਨ ਜਿਸ ਦਾ ਸਿੱਟਾ ਹੱਕ ਮੰਗਣ ਵਾਲਿਆਂ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਨ ਦੇ ਰੂਪ ’ਚ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਹੁਣ ਜੰਗਲ ਰਾਜ ਹੋ ਗਿਆ ਹੈ ਜਿਸ ਦਾ ਕੈਪਟਨ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ।