ਚੰਡੀਗੜ੍ਹ : ਪੂਰੇ ਉਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਲਗਾਤਾਰ ਕਈ ਦਿਨਾਂ ਤੋਂ ਤਾਪਮਾਨ 40 ਡਿਗਰੀ ਸੈਲਸੀਅਸ ਦੇ ਪਾਰ ਚੱਲ ਰਿਹਾ ਹੈ ਪਰ ਇਸ ਪਾਰੇ ਵਿਚ ਅਗਲੇ ਦੋ-ਤਿੰਨ ਦਿਨਾਂ 'ਚ ਗਿਰਾਵਟ ਹੋਣ ਦੇ ਅਸਾਰ ਹਨ ਕਿਉਂਕਿ 11 ਮਈ ਤੋਂ ਇਕ ਪੱਛਮੀ ਗੜਬੜ ਵਾਲੀਆਂ ਪੌਣਾਂ ਦੇ ਸਰਗਰਮ ਹੋਣ ਦੇ ਆਸਾਰ ਹਨ। ਇਸ ਦੌਰਾਨ ਧੂੜ ਭਰੀ ਹਨੇਰੀ ਵੀ ਚੱਲੇਗੀ ਅਤੇ ਗੱਜਣ ਵਾਲੇ ਬੱਦਲ ਵੀ ਬਣਨਗੇ। ਇੰਨਾ ਹੀ ਨਹੀਂ, ਇਸ ਦੌਰਾਨ ਬੂੰਦਾਬਾਂਦੀ ਦੀ ਵੀ ਸੰਭਾਵਨਾ ਹੈ। 13, 14 ਤੇ 15 ਮਈ ਨੂੰ ਦੇਸ਼ ਦੀ ਰਾਜਧਾਨੀ ਸਮੇਤ ਆਲੇ ਦੁਆਲੇ ਦੇ ਇਲਾਕਿਆਂ 'ਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਗਰ ਪੱਛਮੀ ਗੜਬੜ ਕਮਜ਼ੋਰ ਪੈ ਗਈ ਤਾਂ ਆਉਣ ਵਾਲੇ ਦਿਨਾਂ 'ਚ ਗਰਮੀ 'ਚ ਹੋਰ ਵਾਧਾ ਹੋਣਾ ਨਿਸ਼ਚਿਤ ਹੈ। ਇਸ ਲਈ ਲੋਕਾਂ ਨੂੰ ਦੋਹਾਂ ਸਥਿਤੀਆਂ ਲਈ ਤਿਆਰ ਰਹਿਣ ਲਈ ਮੌਸਮ ਵਿਭਾਗ ਨੇ ਚੌਕਸ ਕਰ ਦਿਤਾ ਹੈ।
ਮੁੱਖ ਮੌਸਮ ਵਿਗਿਆਨੀ ਮਹੇਸ਼ ਪਲਾਵਤ ਮੁਤਾਬਕ, ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਅਸਮਾਨ 'ਚ ਧੂੜ ਚੜ੍ਹੀ ਹੋਈ ਹੈ। ਇਸੇ ਕਾਰਨ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਲਿਹਾਜ਼ਾ, ਅਸਮਾਨ ਵਿਚ ਧੂੜ ਦੀ ਮਾਤਰਾ ਵਧੀ ਰਹੇਗੀ। ਜੇਕਰ ਚੰਗੀ ਬਾਰਸ਼ ਹੁੰਦੀ ਹੈ ਤਾਂ ਮੌਸਮ ਵਿਚ ਬਣੀ ਧੂੜ ਬੈਠ ਜਾਵੇਗੀ ਨਹੀਂ ਤਾਂ ਅੱਗੇ ਵੀ ਧੂੜ ਕਾਰਨ ਪ੍ਰਦੂਸ਼ਣ ਦੀ ਪ੍ਰੇਸ਼ਾਨੀ ਬਣੀ ਰਹੇਗੀ।