ਸੰਸਾਰ ਵਿਚ ਹਰ ਜਗ੍ਹਾ ਬੁੱਧੀ ਦਾ ਡੰਕਾ ਵੱਜਦਾ ਹੈ। ਭੌਤਿਕ ਉੱਨਤੀ ਲਈ ਬੁੱਧੀਵਾਦ ਨੂੰ ਵਿਆਪਕ ਤੌਰ ’ਤੇ ਪ੍ਰਧਾਨਤਾ ਮਿਲੀ ਹੋਈ ਹੈ। ਹਰੇਕ ਵਿਅਕਤੀ ਭੌਤਿਕ ਉੱਨਤੀ ਲਈ ਬੁੱਧੀ ਨੂੰ ਰੂਹਾਨੀ ਮਹੱਤਵ ਦੇ ਰਿਹਾ ਹੈ। ਇਸੇ ਕਾਰਨ ਭਾਵਨਾਵਾਂ ਜਾਂ ਹਿਰਦੇ ਦੇ ਭਾਵਾਂ ਦੀ ਅਣਦੇਖੀ ਹੋ ਰਹੀ ਹੈ। ਸੰਸਾਰ ਵਿਚ ਸਦਾ ਹੀ ਦੋ ਤਰ੍ਹਾਂ ਦੇ ਵਿਅਕਤੀਆਂ ਦਾ ਵਾਸ ਰਿਹਾ ਹੈ। ਇਕ ਉਹ ਜੋ ਕਿ ਹਿਰਦਾ ਮੁਖੀ ਹਨ ਅਤੇ ਦੂਜੇ ਉਹ ਜੋ ਦਿਮਾਗ ਮੁਖੀ ਹਨ। ਹਿਰਦਾ ਵਿਸ਼ਵਾਸ ਮੁਖੀ ਵਸਤੂ ਹੈ ਅਤੇ ਦਿਮਾਗ ਤਰਕ ਮੁਖੀ। ਵਿਸ਼ਵਾਸ ਮੁਖੀ ਹਿਰਦੇ ਦੁਆਰਾ ਹੀ ਹਕੀਕੀ ਸ਼ਾਂਤੀ ਦੀ ਪ੍ਰਾਪਤੀ ਸੰਭਵ ਹੁੰਦੀ ਹੈ। ਜਿੱਥੇ ਤਰਕ ਮੁਖੀ ਦਿਮਾਗ ਦੀ ਚੜ੍ਹਤ ਹੈ, ਓਥੇ ਹੀ ਅਸ਼ਾਂਤੀ, ਅਸੰਤੁਸ਼ਟੀ ਅਤੇ ਚਿੰਤਾ ਰਹਿੰਦੀ ਹੈ। ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਨ ਕਹਿੰਦੇ ਹਨ, ‘ਈਸ਼ਵਰ ਸਾਰੇ ਪ੍ਰਾਣੀਆਂ ਵਿਚ ਵਾਸ ਕਰਦਾ ਹੈ। ਈਸ਼ਵਰ ਨੂੰ ਅਸੀਂ ਹਿਰਦੇ ਤੋਂ ਸਮਝ ਸਕਦੇ ਹਾਂ, ਬੁੱਧੀ ਤੋਂ ਨਹੀਂ। ਮਨੁੱਖ ਵਿਚ ਗੋਸਵਾਮੀ ਤੁਲਸੀਦਾਸ ਜੀ ਲਿਖਦੇ ਹਨ, ‘ਰਾਮ ਅਤਰਕ ਬੁੱਧੀ ਮਨ ਬਾਨੀ। ਮਤ ਹਮਾਰ ਅਸੁਨਹੁ ਭਵਾਨੀ।’ ਅਰਥਾਤ ਜੇਕਰ ਅਸੀਂ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਦੇਖਾਂਗੇ ਕਿ ਈਸ਼ਵਰ ਹਿਰਦੇ ਦੀ ਵਸਤੂ ਹੈ, ਉਹ ਤਰਕ ਪ੍ਰਧਾਨ ਦਿਮਾਗ ਦੀ ਪਹੁੰਚ ਤੋਂ ਦੂਰ ਹੈ। ਹਿਰਦੇ ਦੇ ਮਹੱਤਵ ਨੂੰ ਅਸੀਂ ਇਸ ਮਿਸਾਲ ਨਾਲ ਵੀ ਸਮਝ ਸਕਦੇ ਹਾਂ ਕਿ ਜੇਕਰ ਕਿਸੇ ਵਿਅਕਤੀ ਦਾ ਦਿਮਾਗ ਫੇਲ੍ਹ ਹੋ ਜਾਵੇ ਤਾਂ ਉਹ ਜਿਊਂਦਾ ਰਹਿ ਸਕਦਾ ਹੈ ਅਤੇ ਉਸ ਦਾ ਇਲਾਜ ਵੀ ਹੋ ਸਕਦਾ ਹੈ ਪਰ ਹਿਰਦੇ ਦੇ ਫੇਲ੍ਹ ਹੋ ਜਾਣ ’ਤੇ ਜਿਊਂਦੇ ਰਹਿਣ ਦਾ ਕੋਈ ਉਪਾਅ ਨਹੀਂ ਹੈ। ਆਮ ਤੌਰ ’ਤੇ ਅਸੀਂ ਰਾਮ ਰਾਜ ਦੀ ਚਰਚਾ ਕਰਦੇ ਹਾਂ। ਉਸ ਨੂੰ ਆਦਰਸ਼ ਸਮਾਜ ਦੇ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ। ਜੇਕਰ ਅਸੀਂ ਵਿਚਾਰ ਕਰੀਏ ਤਾਂ ਦੇਖਾਂਗੇ ਕਿ ਆਧੁਨਿਕ ਸੰਸਾਰ ਅਤੇ ਰਾਮ ਰਾਜ ਵਿਚ ਸਿਰਫ਼ ਇੰਨਾ ਹੀ ਅੰਤਰ ਹੈ ਕਿ ਰਾਮ ਰਾਜ ਵਿਚ ਭਾਵਨਾ ਅਤੇ ਹਿਰਦੇ ਦੀ ਪ੍ਰਧਾਨਤਾ ਸੀ ਜਦਕਿ ਆਧੁਨਿਕ ਸਮਾਜ ਦਿਮਾਗ ਮੁਖੀ ਹੈ। ਅੱਜ ਦੇ ਮਨੁੱਖ ਦਾ ਹਿਰਦਾ ਆਪਣੇ ਸੁਭਾਵਿਕ ਗੁਣ, ਭਰੋਸੇ ਕਾਰਨ ਸਿਫ਼ਰ ਹੋ ਰਿਹਾ ਹੈ। ਭਾਵਨਾ ’ਤੇ ਤਰਕ ਦਾ ਗਲਬਾ ਉਸ ਨੂੰ ਮਨੁੱਖ ਦੇ ਸੁਭਾਵਿਕ ਗੁਣਾਂ ਤੋਂ ਦੂਰ ਲਿਜਾ ਰਿਹਾ ਹੈ ਜਿਸ ਕਾਰਨ ਉਸ ਦੇ ਹੀ ਕਸ਼ਟ ਵੱਧ ਰਹੇ ਹਨ। ਮਨੁੱਖ ਲਈ ਇਸ ਹਾਲਾਤ ਤੋਂ ਛੁਟਕਾਰਾ ਪਾਉਣ ਲਈ ਜ਼ੋਰਦਾਰ ਯਤਨ ਕਰਨੇ ਜ਼ਰੂਰੀ ਹਨ ਕਿਉਂਕਿ ਭਗਵਾਨ ਵੀ ਤਰਕ ਨਹੀਂ, ਸਗੋਂ ਭਾਵਨਾ ਦੇਖਦਾ ਹੈ। -ਡਾ. ਪ੍ਰਸ਼ਾਂਤ ਅਗਨੀਹੋਤਰੀ।