ਚੰਡੀਗੜ੍ਹ : ਭੁਲੱਥ ਤੋਂ ਵਿਧਾਇਕ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ (Sukhpal Singh Khaira) ਦੇ ਘਰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਮੰਗਲਵਾਰ ਸਵੇਰੇ ਛਾਪੇਮਾਰੀ ਕੀਤੀ ਹੈ।ਖਹਿਰਾ ਦੀ ਕੋਠੀ 'ਚ 3 ਗੱਡੀਆਂ 'ਚ ਈਡੀ ਦੇ ਅਧਿਕਾਰੀ ਪਹੁੰਚੇ ਹਨ। ਈਡੀ ਸੁਖਪਾਲ ਖਹਿਰਾ ਤੋਂ ਮਨੀ ਲਾਂਡਰਿੰਗ ਦੇ ਮਾਮਲੇ 'ਚ ਸਵਾਲ-ਜਵਾਬ ਕਰ ਰਹੀ ਹੈ। ਫਿਲਹਾਲ ਇਸ ਮਾਮਲੇ 'ਚ ਖਹਿਰਾ ਤੋਂ ਬਾਹਰ ਹੀ ਬੈਠ ਕੇ ਪੁੱਛਗਿੱਛ ਕਰ ਰਹੀ ਹੈ। ਦਿੱਲੀ ਟੀਮ ਦੇ ਨਾਲ ਚੰਡੀਗੜ੍ਹ ਦੀ ਇਕ ਟੀਮ ਵੀ ਮੌਜੂਦ ਹੈ। ਉੱਥੇ ਹੀ ਸੁਖਪਾਲ ਖਹਿਰਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਈਡੀ ਦੀ ਦਿੱਲੀ ਟੀਮ ਨੇ ਸਵੇਰੇ ਉਨ੍ਹਾਂ ਦੇ ਸੈਕਟਰ 5 ਸਥਿਤ ਘਰ 'ਚ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਛਾਪੇਮਾਰੀ ਮਨੀ ਹਵਾਲੇ ਨੂੰ ਲੈ ਕੇ ਕੀਤੀ ਗਈ ਹੈ। ਉਨ੍ਹਾਂ ਨੂੰ ਗ਼ਲਤ ਫਸਾਇਆ ਜਾ ਰਿਹਾ ਹੈ, ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਨੀ ਲਾਂਡਰਿੰਗ 'ਚ ਭੂਮਿਕਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਸੁਖਪਾਲ ਖੈਰਾ ਨੇ ਆਮ ਆਦਮੀ ਪਾਰਟੀ ਨਾਲੋਂ ਵੱਖ ਹੋਣ ਤੋਂ ਬਾਅਦ ਆਪਣੀ ਪਾਰਟੀ ਪੰਜਾਬ ਏਕਤਾ ਪਾਰਟੀ ਬਣਾਈ ਸੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੇ ਘਰ ਵਿਚ ਵਿਚ ਉਨ੍ਹਾਂ ਦੇ ਨਾਲ ਮੌਜੂਦ ਹਨ ਤੇ ਈਡੀ ਦੀ ਟੀਮ ਉਨ੍ਹਾਂ ਤੋਂ ਸਵਾਲ-ਜਵਾਬ ਕਰ ਰਹੀ ਹੈ।