ਟੋਕੀਓ, (ਏਜੰਸੀਆਂ) : ਚੰਨ ਦੀ ਸੈਰ ਕੌਣ ਨਹੀਂ ਕਰਨਾ ਚਾਹੇਗਾ, ਜਾਹਰ ਹੈ ਤੁਸੀਂ ਵੀ ਇਹੀ ਚਾਹੋਗੇ, ਚੱਲੋ ਫਿਰ ਇਸ ਲਈ ਤਿਆਰ ਹੋ ਜਾਵੋ ਅਤੇ ਆਪਣੀ ਰਜਿਸਟਰੇਸ਼ਨ ਕਰਵਾ ਲਓ। ਜਾਣਕਾਰੀ ਮੁਤਾਬਕ ਜਾਪਾਨ ਦੇ ਅਰਬਪਤੀ ਯੂਸਾਕੂ ਮਾਇਜਾਵਾ ਨੇ ਚੰਦਰਮਾ (Moon) 'ਤੇ ਮੁਫ਼ਤ 'ਚ ਯਾਤਰਾ ਦਾ ਸੱਦਾ ਦਿਤਾ ਹੈ। ਉਨ੍ਹਾਂ ਇਕ ਵੀਡੀਓ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਲੋਕਾਂ ਦਾ ਉਹ ਪੂਰਾ ਖਰਚ ਉਠਾਉਣਗੇ। ਇਕ ਹੋਰ ਖਾਸ ਗੱਲ ਇਹ ਹੈ ਕਿ ਉਹ ਇਸ ਯਾਤਰਾ ਲਈ ਸਾਰੇ ਇਲਾਕਿਆਂ ਤੋਂ ਅੱਠ ਲੋਕਾਂ ਦੀ ਚੋਣ ਕਰਨਗੇ।
ਯੂਸਾਕੂ ਨੇ ਵੀਡੀਓ 'ਚ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਪ੍ਰਰਾਈਵੇਟ ਯਾਤਰਾ ਹੈ, ਜਿਸ 'ਚ 10 ਤੋਂ 12 ਲੋਕ ਜਾਣਗੇ। ਇਸ ਮਿਸ਼ਨ ਦਾ ਨਾਂ 'ਡੀਅਰਮੂਨ' ਹੈ ਤੇ ਐਲਨ ਮਸਕ ਨੇ 2023 'ਚ ਸਪੇਸ-ਐਕਸ 'ਚ ਯਾਤਰਾ ਲਈ ਉਨ੍ਹਾਂ ਨੂੰ ਪਹਿਲਾ ਯਾਤਰੀ ਬਣਾਇਆ ਹੈ। ਜਾਪਾਨ ਦੀ ਸਭ ਤੋਂ ਵੱਡੀ ਆਨਲਾਈਨ ਫੈਸ਼ਨ ਕੰਪਨੀ ਜੋਜੋਟਾਊਨ ਚਲਾਉਣ ਵਾਲੇ ਯੂਸਾਕੂ ਨੇ ਇਸ ਲਈ ਆਮ ਲੋਕਾਂ ਵਿਚਾਲੇ ਮੁਕਾਬਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸ 'ਚ ਕੋਈ ਵੀ ਪ੍ਰਰੀ-ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੇ ਸਬੰਧ 'ਚ ਈਮੇਲ ਮਿਲੇਗੀ।
ਇਹ ਮੁਫ਼ਤ ਯਾਤਰਾ ਛੇ ਦਿਨ ਦੀ ਹੋਵੇਗੀ। 'ਡੀਅਰਮੂਨ ਮਿਸ਼ਨ' ਜ਼ਰੀਏ ਇਨਸਾਨਾਂ ਦੇ ਚੰਦਰਮਾ 'ਤੇ ਜਾਣ ਦੀ ਇਹ ਮੁਹਿੰਮ 1972 ਤੋਂ ਬਾਅਦ ਹੋਵੇਗੀ। ਸਪੇਸ-ਐਕਸ ਨੇ 2021 ਦੇ ਅੰਤਰ ਤਕ ਆਮ ਲੋਕਾਂ ਲਈ ਮਿਸ਼ਨ ਇੰਸਪਿਰੇਸ਼ਨ-4 ਦੀ ਯੋਜਨਾ ਬਣਾਈ ਹੈ। ਇਹ ਚੈਰਿਟੀ ਮਿਸ਼ਨ ਹੋਵੇਗਾ। ਅਮਰੀਕਾ ਦੇ ਪਾਇਲਟ ਤੇ ਅਰਬਪਤੀ ਵਪਾਰੀ ਜੇਰੇਡ ਇਸਾਕਮੈਨ ਇਸਦੀ ਅਗਵਾਈ ਕਰਨਗੇ। ਉਨ੍ਹਾਂ ਨਾਲ ਤਿੰਨ ਲੋਕ ਹੋਰ ਜਾਣਗੇ।
ਖਾਸ ਜਿ਼ਕਰਯੋਗ ਹੈ ਕਿ ਓਰਬੀਟਲ ਅਸੈਂਬਲੀ ਕਾਰਪੋਰੇਸ਼ਨ (ਓਏਸੀ) ਵਿਸ਼ਵ ਦਾ ਪਹਿਲਾ ਪੁਲਾੜ ਹੋਟਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਕੰਪਨੀ ਦੀ ਯੋਜਨਾ ਹੈ ਕਿ 2025 ਤਕ ਚਾਰ ਸੌ ਲੋਕਾਂ ਦੀ ਸਮਰੱਥਾ ਵਾਲੇ ਹੋਟਲ ਨੂੰ ਪੁਲਾੜ 'ਚ ਸ਼ੁਰੂ ਕਰ ਦਿੱਤਾ ਜਾਵੇ। ਇਸ ਹੋਟਲ 'ਚ ਥੀਮ ਰੇਸਤਰਾਂ, ਲਾਂਜ, ਸਿਨੇਮਾ ਘਰ, ਕੰਸਰਟ ਹਾਲ, ਬਾਰ, ਲਾਇਬ੍ਰੇਰੀ ਆਦਿ ਸਹੂਲਤਾਂ ਹੋਣਗੀਆਂ।