ਚੰਡੀਗੜ੍ਹ (ਸੱਚੀ ਕਲਮ ਬਿਊਰੋ): ਪੰਜਾਬੀ ਇੰਡਸਟਰੀ ਵਿਚ ਉਂਝ ਕਾਫ਼ੀ ਗਾਇਕ ਚੱਲ ਰਹੇ ਹਨ ਪਰ ਮਾਨਸਾ ਦੇ ਧਰਮਪੁਰਾ ਪਿੰਡ ਤੋਂ ਉਠ ਕੇ ਸਟਾਰ ਬਣੇ ਮੁੰਡੇ ਆਰ. ਨੇਤ ਦੀ ਗੱਲ ਹੀ ਕੁੱਝ ਹੋਰ ਹੈ। ਕੁੱਝ ਸਮਾਂ ਪਹਿਲਾਂ ਤਾਲਾਬੰਦੀ ਤੋਂ ਤੁਰੰਤ ਬਾਅਦ ਉਸ ਦੀ ‘ਤੇਰੇ ਯਾਰ ਦਾ ਪਜ਼ਾਮਾ’ ਨਾਲ ਵਿਲੱਖਣ ਪਛਾਣ ਬਣੀ ਸੀ ਤੇ ਹੁਣੇ-ਹੁਣੇ ਉਸ ਨੇ ਸ਼ਿਪਰਾ ਗੋਇਲ ਨਾਲ ਮਿਲ ਕੇ ‘ਯੂ ਟਰਨ’ ਨਾਂ ਦਾ ਗੀਤ ਰਲੀਜ਼ ਕੀਤਾ ਹੈ। ਵਾਈਟ ਹਿੱਲ ਦੇ ਸੰਗੀਤ ਨਾਲ ਪਰੋਏ ਇਸ ਗੀਤ ਨੇ ਧੁੰਮਾਂ ਪਾ ਰਖੀਆਂ ਹਨ ਕਿਉਂਕਿ ਇਸ ਗੀਤ ਦੇ ਬੋਲ ਧੁਰ ਅੰਦਰ ਤਕ ਟੁੰਬਦੇ ਹਨ। ਗੀਤ ਇਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ ‘ਵੈਸੇ ਤਾਂ ਪਿਆਰ ਵੀਰੇ ਮਾਪਿਆ ਨਹੀਂ ਜਾਂਦਾ, ਬੁੱਕ ਜਾਂ ਅਖ਼ਬਾਰਾਂ ਵਿਚ ਛਾਪਿਆ ਨਹੀਂ ਜਾਂਦਾ’--ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਆਰ. ਨੇਤ ਨੇ ਅਪਣੀ ਸ਼ੈਲੀ ਕਾਫ਼ੀ ਬਦਲੀ ਹੈ ਕਿਉਂਕਿ ਗੀਤ ਵਿਚ ਭਾਵੇਂ ਪਿਸਤੌਲ ਤਾਂ ਦਿਖਾਈ ਦਿੰਦੀ ਹੈ ਪਰ ਮਾਰਧਾੜ ਨਹੀਂ ਹੈ। ਇਸ ਦੇ ਨਾਲ ਹੀ ਗੀਤ ਦਾ ਅੰਤਰਾ ‘ਕਦੇ ਟਨਾਂ ਵਿਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ, ਹੌਲੀ-ਹੌਲੀ ਮਿਤਰੋ, ਗ੍ਰਾਮਾਂ ਵਿਚ ਰਹਿ ਗਿਆ’--ਲਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਗੀਤ ਬਹੁਤ ਪਸੰਦ ਕੀਤਾ ਜਾਵੇਗਾ।