ਮੈਚ ਰੈਫ਼ਰੀ ਜਵਾਗਲ ਸ਼੍ਰੀਨਾਥ ਨੂੰ ਕੀਤੀ ਸ਼ਿਕਾਇਤ
ਅਹਿਮਦਾਬਾਦ : ਅਹਿਮਦਾਬਾਦ ਦੇ ਨਵੇਂ ਬਣੇ ਸਟੇਡੀਅਮ ਵਿਚ ਬੀਤੇ ਕਲ ਇੰਗਲੈਂਡ ਤੀਜਾ ਟੈਸਟ ਮੈਚ ਬੁਰੀ ਤਰ੍ਹਾਂ ਹਾਰ ਗਿਆ ਤੇ ਇਹ ਹਾਰ ਟੀਮ ਨੇ ਸਵੀਕਾਰ ਵੀ ਕਰ ਲਈ। ਪਰ ਇੰਗਲੈਂਡ ਦੇ ਕਪਤਾਨ ਜੋ ਰੂਟ ਤੇ ਮੁੱਖ ਕੋਚ ਕ੍ਰਿਸ ਸਿਲਵਰਵੁਡ ਨੇ ਭਾਰਤ ਵਿਰੁਧ ਮੌਜੂਦਾ ਡੇ-ਨਾਈਟ ਟੈਸਟ ਵਿਚ ਅੰਪਾਈਰਿੰਗ ਦੇ ਪੱਧਰ ਦਾ ਮਾਮਲਾ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੇ ਸਾਹਮਣੇ ਉਠਾਇਆ, ਜਿਸ ਨੇ ਕਿਹਾ ਕਿ ਕਪਤਾਨ ਮੈਦਾਨੀ ਅੰਪਾਇਰਾਂ ਦੇ ਸਾਹਮਣੇ ਸਹੀ ਸਵਾਲ ਉਠਾ ਰਿਹਾ ਸੀ। ਇੰਗਲੈਂਡ ਦੀ ਟੀਮ ਤੀਜੇ ਅੰਪਾਇਰ ਸੀ, ਸ਼ਮਸੂਦੀਨ ਦੇ ਫ਼ੈਸਲਿਆਂ ਤੋਂ ਨਾਰਾਜ਼ ਸੀ। ਕਪਤਾਨ ਦਾ ਕਹਿਣਾ ਸੀ ਕਿ ਜਦੋਂ ਉਹ ਅਪੀਲ ਕਰਦੇ ਸਨ ਤਾਂ ਉਸ ਨੂੰ ਤੁਰਤ ਨਿਕਾਰ ਦਿਤਾ ਜਾਂਦਾ ਸੀ ਤੇ ਤੀਜੇ ਅੰਪਾਇਰ ਦੀ ਮਦਦ ਨਹੀਂ ਲਈ ਜਾਂਦੀ ਸੀ। ਰੂਟ ਦਾ ਕਹਿਣਾ ਸੀ ਕਿ ਜੇਕਰ ਤੀਜੇ ਅੰਪਾਇਰ ਤਕ ਪਹੁੰਚ ਕੀਤੀ ਜਾਂਦੀ ਤਾਂ ਹੋ ਸਕਦਾ ਕਿ ਫ਼ੈਸਲਾ ਉਨ੍ਹਾਂ ਦੇ ਪੱਖ ਵਿਚ ਜਾਂਦਾ।
ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਦੇ ਇਕ ਬੁਲਾਰੇ ਨੇ ਕਿਹਾ, ‘‘ਇੰਗਲੈਂਡ ਦੇ ਕਪਤਾਨ ਤੇ ਮੁੱਖ ਕੋਚ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਮੈਚ ਰੈਫਰੀ ਨਾਲ ਗੱਲ ਕੀਤੀ।’’ ਇਸ ਵਿਚ ਕਿਹਾ ਗਿਆ, ‘‘ਕਪਤਾਨ ਤੇ ਮੁੱਖ ਕੋਚ ਨੇ ਅੰਪਾਇਰਾਂ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਫ਼ੈਸਲਿਆਂ ਵਿਚ ਨਿਰੰਤਰਤਾ ਹੋਣੀ ਚਾਹੀਦੀ ਹੈ। ਮੈਚ ਰੈਫਰੀ ਨੇ ਕਿਹਾ ਕਿ ਕਪਤਾਨ ਅੰਪਾਇਰਾਂ ਤੋਂ ਸਹੀ ਸਵਾਲ ਕਰ ਰਿਹਾ ਸੀ।’’ ਭਾਵੇਂ ਇੰਗਲੈਂਡ ਨੇ ਅਧਿਕਾਰਤ ਸ਼ਿਕਾਇਤ ਨਹੀਂ ਕੀਤੀ ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਅੰਪਾਇਰਿੰਗ ’ਚ ਭਰੋਸੇਯੋਗਤਾ ਹੋਣੀ ਚਾਹੀਦੀ ਹੈ।