ਵਾਸ਼ਿੰਗਟਨ (ਏਜੰਸੀਆਂ) : ਗ੍ਰੀਨ ਕਾਰਡ ਨਾਲ ਅਮਰੀਕਾ 'ਚ ਸਥਾਈ ਤੌਰ 'ਤੇ ਕੰਮ ਕਰਨ ਤੇ ਵਸਣ ਦਾ ਅਧਿਕਾਰ ਮਿਲ ਜਾਂਦਾ ਹੈ ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਗ੍ਰੀਨ ਕਾਰਡ ਜਾਰੀ ਕਰਨ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਇਸ ਨਾਲ ਅਮਰੀਕਾ 'ਚ ਐੱਚ-1ਬੀ ਵੀਜ਼ਾ 'ਤੇ ਕੰਮ ਕਰ ਰਹੇ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਜਾਣਕਾਰੀ ਮੁਤਾਬਕ ਟਰੰਪ ਨੇ ਇਸ ਕਾਰਡ 'ਤੇ ਰੋਕ ਲਗਾ ਦਿੱਤੀ ਸੀ। ਇਸੇ ਲਈ ਬਾਇਡਨ ਵਲੋ ਚੋਣਾਂ ਦੌਰਾਨ ਕੀਤਾ ਗਿਆ ਇਕ ਵਾਅਦਾ ਪੂਰਾ ਕਰ ਦਿਤਾ ਗਿਆ ਹੈ।
ਬਾਇਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੀ ਨੀਤੀ ਅਮਰੀਕਾ ਦੇ ਹਿੱਤ 'ਚ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕਾ ਨੂੰ ਨੁਕਸਾਨ ਪਹੁੰਚਦਾ ਹੈ, ਕਿਉਂਕਿ ਕੁਝ ਅਮਰੀਕੀ ਨਾਗਰਿਕਾਂ ਤੇ ਕਾਨੂੰਨੀ ਤਰੀਕੇ ਨਾਲ ਸਥਾਈ ਤੌਰ 'ਤੇ ਵਸੇ ਪਰਿਵਾਰਾਂ ਦੇ ਮੈਂਬਰਾਂ ਨੂੰ ਇੱਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਸੀ ਅਤੇ ਇਹ ਅਮਰੀਕਾ ਦੇ ਉਨ੍ਹਾਂ ਉਦਯੋਗਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਦਾ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਲੋਕ ਹਿੱਸਾ ਹਨ। ਦਸ ਦਈਏ ਕਿ ਬਾਇਡਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਐੱਚ-1ਬੀ ਵੀਜ਼ਾ ਸਮੇਤ ਵਰਕ ਵੀਜ਼ਾ ਤੇ ਗ੍ਰੀਨ ਕਾਰਡ 'ਤੇ ਲੱਗੀਆਂ ਪਾਬੰਦੀਆਂ ਖ਼ਤਮ ਕਰਨਗੇ। ਬਾਇਡਨ ਨੇ ਟਰੰਪ ਦੀਆਂ ਨੀਤੀਆਂ ਨੂੰ ਕਰੂਰ ਕਰਾਰ ਦਿੱਤਾ ਸੀ। ਟਰੰਪ ਨੇ ਬੀਤੇ ਸਾਲ 22 ਅਪ੍ਰਰੈਲ ਤੇ 22 ਜੂਨ ਨੂੰ ਹੁਕਮ ਜਾਰੀ ਕਰ ਕੇ ਐੱਚ-1ਬੀ ਸਮੇਤ ਵੱਖ-ਵੱਖ ਤਰ੍ਹਾਂ ਦੇ ਵਰਕ ਵੀਜ਼ਾ ਤੇ ਗ੍ਰੀਨ ਕਾਰਡ 'ਤੇ ਸਾਲ ਦੇ ਅਖ਼ੀਰ ਤਕ ਲਈ ਰੋਕ ਲਗਾ ਦਿੱਤੀ ਸੀ। ਉਨ੍ਹਾਂ ਨੇ ਬੀਤੀ 31 ਦਸੰਬਰ ਨੂੰ ਪਾਬੰਦੀ ਦਾ ਸਮਾਂ ਇਸ ਸਾਲ 31 ਮਾਰਚ ਤਕ ਲਈ ਵਧਾ ਦਿੱਤਾ ਸੀ। ਉਸ ਸਮੇਂ ਟਰੰਪ ਨੇ ਕਿਹਾ ਸੀ ਕਿ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਨੂੰ ਧਿਆਨ 'ਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ।