ਥਿੰਪੂ : ਭੱਜਦੌੜ ਦੀ ਇਸ ਜ਼ਿੰਦਗੀ ਵਿਚ ਖੁਦ ਨੂੰ ਤਣਾਅ ਮੁਕਤ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ। ਦੁਨੀਆ ਭਰ ਵਿਚ ਖੁਸ਼ਹਾਲੀ ਲਈ ਮਸ਼ਹੂਰ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਖੁਦ ਨੂੰ ਤਣਾਅ ਮੁਕਤ ਰੱਖਣ ਦਾ ਤਰੀਕਾ ਸਭ ਤੋਂ ਵੱਖਰਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੀ.ਐੱਮ. ਲੋਟੇ ਸ਼ੇਰਿੰਗ ਤਣਾਅ ਘੱਟ ਕਰਨ ਲਈ ਡਾਕਟਰ ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦਿੰਦੇ ਹਨ ਅਤੇ ਸਰਜਰੀ ਕਰਦੇ ਹਨ। ਪਿਛਲੇ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ ਸ਼ੇਰਿੰਗ ਨੇ ਕਿਹਾ, ''ਮੇਰੇ ਲਈ ਇਹ ਤਣਾਅ ਘੱਟ ਕਰਨ ਦਾ ਤਰੀਕਾ ਹੈ।'' 50 ਸਾਲਾ ਸ਼ੇਰਿੰਗ ਨੇ ਕਿਹਾ, ''ਕੁਝ ਲੋਕ ਗੋਲਫ ਖੇਡਦੇ ਹਨ, ਕੁਝ ਤੀਰਅੰਦਾਜ਼ੀ ਕਰਦੇ ਹਨ ਪਰ ਮੈਨੂੰ ਆਪਰੇਸ਼ਨ ਕਰਨਾ ਚੰਗਾ ਲੱਗਦਾ ਹੈ। ਮੈਂ ਆਪਣੇ ਹਫਤੇ ਦਾ ਅਖੀਰ ਹਸਪਤਾਲ ਵਿਚ ਬਿਤਾਉਂਦਾ ਹਾਂ।'' ਜਿਗਮੇ ਦੋਰਜੀ ਵਾਂਗਚੁਕ ਨੈਸ਼ਨਲ ਰੈਫਰਲ ਹਸਪਤਾਲ ਦਾ ਕੋਈ ਵੀ ਕਰਮੀ ਪ੍ਰਧਾਨ ਮੰਤਰੀ ਸ਼ੇਰਿੰਗ ਨੂੰ ਦੇਖ ਕੇ ਹੈਰਾਨ ਨਹੀਂ ਹੁੰਦਾ। ਇੱਥੇ ਸ਼ੇਰਿੰਗ ਦਾ ਡਾਕਟਰ ਦੇ ਰੂਪ ਵਿਚ ਸੇਵਾਵਾਂ ਦੇਣਾ ਆਮ ਗੱਲ ਹੈ। ਭੂਟਾਨ ਕਈ ਮਾਮਲਿਆਂ ਵਿਚ ਦੁਨੀਆ ਦੇ ਹੋਰ ਦੇਸ਼ਾਂ ਤੋਂ ਵੱਖਰਾ ਹੈ। ਇਹ ਦੇਸ਼ ਆਰਥਿਕ ਵਿਕਾਸ ਦੀ ਬਜਾਏ ਖੁਸ਼ਹਾਲੀ 'ਤੇ ਧਿਆਨ ਕੇਂਦਰਿਤ ਕਰਨ ਨੂੰ ਤਰਜੀਹ ਦਿੰਦਾ ਹੈ। ਭੂਟਾਨ ਦੀ ਕੁੱਲ ਰਾਸ਼ਟਰੀ ਖੁਸ਼ਹਾਲੀ ਦਾ ਇਕ ਵੱਡਾ ਕਾਰਨ ਵਾਤਾਵਰਣ ਸੁਰੱਖਿਆ ਹੈ। ਇਸ ਖੁਸ਼ਹਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਰੀਜ਼ਾਂ ਦੀ ਸੇਵਾ ਕਰਨਾ ਖੁਸ਼ੀ ਦਿੰਦਾ ਹੈ। ਸ਼ੇਰਿੰਗ ਤੋਂ ਸਰਜਰੀ ਕਰਵਾਉਣ ਵਾਲੇ 40 ਸਾਲਾ ਬਮਥਾਪ ਦਾ ਕਹਿਣਾ ਹੈ, ''ਪ੍ਰਧਾਨ ਮੰਤਰੀ ਨੇ ਮੇਰਾ ਆਪੇਸ਼ਨ ਕੀਤਾ ਹੈ। ਉਨ੍ਹਾਂ ਨੂੰ ਦੇਸ਼ ਦੇ ਵਧੀਆ ਡਾਕਟਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਮੈਨੂੰ ਬਹੁਤ ਆਰਾਮ ਮਹਿਸੂਸ ਹੋ ਰਿਹਾ ਹੈ।'' ਪੀ.ਐੱਮ. ਸ਼ੇਰਿੰਗ ਨੇ ਕਿਹਾ, ''ਹਸਪਤਾਲ ਵਿਚ ਮੈਂ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਦਾ ਇਲਾਜ ਕਰਦਾ ਹਾਂ। ਸਰਕਾਰ ਵਿਚ ਮੈਂ ਨੀਤੀਆਂ ਦੀ ਸਿਹਤ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਮਰਨ ਵੇਲੇ ਤੱਕ ਅਜਿਹਾ ਕਰਦਾ ਰਹਾਂਗਾ।''