ਵਾਸ਼ਿੰਗਟਨ (ਏਜੰਸੀਆਂ) : ਐੱਡ.ਡੀ.ਏ. ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੇ ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਸਿਰਫ ਇਕ ਖੁਰਾਕ ਦੀ ਹੀ ਲੋੜ ਹੋਵੇਗੀ ਅਤੇ ਇਹ ਵਰਤੋਂ ਲਈ ਸੁਰੱਖਿਅਤ ਹੈ। ਐੱਫ.ਡੀ.ਏ. ਅਮਰੀਕਾ ਲਈ ਤੀਸਰੇ ਟੀਕੇ ਦੀ ਇਜਾਜ਼ਤ ਦੇਣ ਤੋਂ ਸਿਰਫ ਇਕ ਕਦਮ ਦੂਰ ਹੈ। ਜਾਣਕਾਰੀ ਮੁਤਾਬਕ ਜਾਨਸਨ ਐਂਡ ਜਾਨਸਨ ਦੀ ਇਕ ਹੀ ਖੁਰਾਕ ਵਾਲੇ ਕੋਵਿਡ-19 ਦੇ ਟੀਕੇ 'ਤੇ ਫੂਡ ਐਂਡ ਡਰੱਗ ਐਡਮਿਨੀਸਟੇਸ਼ਨ (ਐੱਫ.ਡੀ.ਏ.) ਦੇ ਸੁਤੰਤਰ ਸਲਾਹਕਾਰ ਸ਼ੁੱਕਰਵਾਰ ਨੂੰ ਚਰਚਾ ਕਰਨ ਵਾਲੇ ਹਨ, ਜਿਸ ਦੇ ਆਧਾਰ 'ਤੇ ਇਸ ਦੀ ਵਰਤੋਂ ਦੀ ਕੁਝ ਦਿਨਾਂ ਦੇ ਅੰਦਰ ਇਜਾਜ਼ਤ ਦਿੱਤੀ ਜਾ ਸਕਦੀ ਹੈ। ਐੱਫ.ਡੀ.ਏ. ਦੇ ਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਟੀਕਾ ਕੋਵਿਡ-19 ਰਾਹੀਂ ਗੰਭੀਰ ਪੱਧਰ ਦੇ ਇਨਫੈਕਸ਼ਨ ਨੂੰ ਰੋਕਣ ਲਈ ਕਰੀਬ 66 ਫੀਸਦੀ ਪ੍ਰਭਾਵੀ ਸਮਰਥਾ ਰੱਖਦਾ ਹੈ।
ਸ਼ੁੱਕਰਵਾਰ ਨੂੰ ਏਜੰਸੀ ਦੇ ਸੁਤੰਤਰ ਸਲਾਹਕਾਰ ਇਸ ਦੇ ਬਾਰੇ 'ਚ ਚਰਚਾ ਕਰਨਗੇ ਕਿ ਕੀ ਇਸ ਟੀਕੇ ਦੀ ਇਜਾਜ਼ਤ ਦੇਣ ਲਈ ਸਪਲਾਈ ਪੂਰੀ ਉਪਲੱਬਧ ਹੈ। ਉਸ ਸਲਾਹ ਦੇ ਆਧਾਰ 'ਤੇ ਐੱਫ.ਡੀ.ਏ. ਵੱਲੋਂ ਕੁਝ ਦਿਨਾਂ ਦੇ ਅੰਦਰ ਇਕ ਅੰਤਿਮ ਫੈਸਲਾ ਕਰਨ ਦੀ ਉਮੀਦ ਹੈ। ਅਮਰੀਕਾ 'ਚ ਹੁਣ ਤੱਕ ਕਰੀਬ 4.45 ਕਰੋੜ ਲੋਕਾਂ ਨੂੰ ਫਾਈਜ਼ਰ ਜਾਂ ਮਾਡੇਰਨਾ ਵੱਲੋਂ ਨਿਰਮਿਤ ਟੀਕਿਆਂ ਦੀਆਂ ਘਟੋ-ਘੱਟ ਇਕ ਖੁਰਾਕ ਲੱਗੀ ਹੈ। ਉਥੇ, ਦੋ ਕਰੋੜ ਲੋਕਾਂ ਨੂੰ ਦੂਜੀ ਖੁਰਾਕ ਮਿਲ ਚੁੱਕੀ ਹੈ।