Saturday, November 23, 2024
 

ਮਨੋਰੰਜਨ

ਸਰਦੂਲ ਸਿਕੰਦਰ ਦੀ ਹਯਾਤੀ ’ਤੇ ਇਕ ਝਾਤ

February 24, 2021 04:58 PM

ਹਰਦੀਪ ਸਿੰਘ ਪੁਰੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ

ਚੰਡੀਗੜ੍ਹ, (ਸੱਚੀ ਕਲਮ ਬਿਊਰੋ) : ਪੰਜਾਬੀ ਬੋਲੀ ਦੇ ਚੋਟੀ ਦੇ ਗਾਇਕ ਅਤੇ ਲੋਕਾਂ ਵਲੋਂ ਮਕਬੂਲ ਕੀਤੇ ਗਏ ਸਰਦੂਲ ਸਿਕੰਦਰ ਅੱਜ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਬਾਰੇ ਦਸ ਦਈਏ ਕਿ  ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜ੍ਹੀ ਨੌਧ ਸਿੰਘ ’ਚ ਜਨਮੇ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਸਨ। ਗਾਇਕੀ ਤੋਂ ਇਲਾਵਾ ਕੁਝ ਪੰਜਾਬੀ ਫਿਲਮਾਂ ’ਚ ਵੀ ਕੰਮ ਕੀਤਾ, ਜਿਸ ’ਚ ‘ਜੱਗਾ ਡਾਕੂ’ ਦਾ ਨਾਂ ਖਾਸ ਹੈ।
   ਸਿਕੰਦਰ ਨੇ ਸਾਲ 1980 ’ਚ ਆਪਣੀ ਐਲਬਮ ‘ਰੋਡਵੇਜ਼ ਦੀ ਲਾਰੀ’ ਸਦਕਾ ਰੇਡੀਓ ਅਤੇ ਟੀਲੀਵਿਜ਼ਨ ਰਾਹੀਂ ਆਪਣੀ ਗੀਤਾਂ ਦੀ ਜਿੰਦਗੀ ਦਾ ਆਗਾਜ਼ ਕਰਨ ਵਾਲੇ ਸਰਦੂਲ ਸਿਕੰਦਰ ਬੇਸ਼ੱਕ ਅੱਜ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਸਦਾ ਚਲਦੇ ਰਹਿਣਗੇ। ਆਪਣੇ ਇਸ ਸੰਗੀਤਕ ਸਫ਼ਰ ’ਚ ਸਰਦੂਲ ਸਿਕੰਦਰ ਨੇ ਪੰਜਾਬੀਆਂ ਦੀ ਝੋਲੀ ਬੇਸ਼ੁਮਾਰ ਗੀਤ ਪਾਏ।
   1991 ’ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ ’ਹੁਸਨ ਦੇ ਮਾਲਕੋ’ ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ, ਜਿਸ ਦੀਆਂ ਅੰਤਰਰਾਸ਼ਟਰੀ ਪੱਧਰ ’ਤੇ ਪੰਜ ਮਿਲੀਅਨ ਤੋਂ ਵਧੇਰੇ ਕਾਪੀਆਂ ਵਿਕੀਆਂ ਅਤੇ ਇਹ ਵਿਕਰੀ ਅਜੇ ਤੱਕ ਵੀ ਜਾਰੀ ਹੈ। 1986 ਵਿਚ ਪੰਜਾਬੀ ਗਾਇਕਾ ਅਮਰ ਨੂਰੀ ਸਿਕੰਦਰ ਦੀ ਜ਼ਿੰਦਗੀ ਵਿਚ ਆਈ ਅਤੇ ਦੋਹਾਂ ਨੇ ਇਕੱਠੇ ਗੀਤ ਗਾਉਣੇ ਸ਼ੁਰੂ ਕੀਤੇ।
   ਆਖਰਕਾਰ ਕੁੱਝ ਸਾਲ ਬਾਅਦ ਸਰਦੂਲ ਸਿਕੰਦਰ ਨੇ ਅਮਰ ਨੂਰੀ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਦੀ ਹਿੰਮਤ ਜੁਟਾਈ ਪਰ ਸਫ਼ਲ ਨਾ ਹੋ ਸਕੇ। ਸਰਦੂਲ ਸਿਕੰਦਰ ਦੀ ਕਾਫੀ ਕੋਸ਼ਿਸ ਤੋਂ ਬਾਅਦ ਅਮਰ ਨੂਰੀ ਦੀ ਉਹ ਡਾਇਰੀ ਚੁੱਕ ਲਈ, ਜਿਸ ’ਚ ਉਹ ਆਪਣੇ ਗੀਤ ਲਿਖਿਆ ਕਰਦੇ ਸਨ। ਉਨ੍ਹਾਂ ਉਸ ਡਾਇਰੀ ’ਚ ਮੁਹੱਬਤ ਦਾ ਪੈਗਾਮ ਲਿਖਣ ਤੋਂ ਬਾਅਦ ਉਸਨੂੰ ਅਮਰ ਨੂਰੀ ਦੇ ਟੇਬਲ ’ਤੇ ਵਾਪਸ ਰੱਖ ਦਿੱਤਾ। ਹੁਣ ਵਾਰੀ ਅਮਰ ਨੂਰੀ ਦੀ ਸੀ, ਉਸ ਪੈਗਾਮ ’ਤੇ ਆਪਣੀ ਮੁਹੱਬਤ ਦੀ ਮੋਹਰ ਲਗਾਉਣ ਦੀ। ਅਮਰ ਨੂਰੀ ਦੇ ਦਿਲ ’ਚ ਵੀ ਸਰਦੂਲ ਸਿਕੰਦਰ ਲਈ ਮੁਹੱਬਤ ਸੀ, ਜਿਸਦਾ ਇਜ਼ਹਾਰ ਉਨ੍ਹਾਂ ਨੇ ਵੀ ਨਹੀਂ ਕੀਤਾ ਸੀ। ਅਮਰ ਨੂਰੀ ਨੇ ਉਸ ਡਾਇਰੀ ’ਚ ਆਪਣਾ ਸੁਨੇਹਾ ਲਿਖ ਸਰਦੂਲ ਸਿਕੰਦਰ ਨੂੰ ਦੇ ਦਿੱਤਾ। ਜਿਉਂ ਹੀ ਸਰਦੂਲ ਨੇ ਉਹ ਸੁਨੇਹਾ ਪੜਿਆ ਤਾਂ ਖੁਸ਼ੀ ’ਚ ਨੱਚਣ ਲੱਗੇ। ਕਿਉਂਕਿ ਸਰਦੂਲ ਸਿਕੰਦਰ ਦੇ ਉਸ ਪੈਗਾਮ ਦੇ ਜਵਾਬ ਦਿੰਦੇ ਹੋਏ ਅਮਰ ਨੂਰੀ ਨੇ ਹਾਂ ਕਰ ਦਿੱਤੀ ਸੀ। ਇੱਕ ਦੂਜੇ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਲੀ ਇਹ ਜੋੜੀ 30 ਜਨਵਰੀ 1993 ਨੂੰ ਵਿਆਹ ਦੇ ਬੰਧਨ ’ਚ ਬੱਝ ਗਈ। ਇਸ ਦੋਗਾਣਾ ਜੋੜੀ ਨੇ ਬਹੁਤ ਸਾਰੇ ਐਲਬਮ ਰਿਲੀਜ਼ ਕੀਤੇ।
   ਹੁਣ ਕੁੱਝ ਸਮਾਂ ਪਹਿਲਾਂ ਗਾਇਕ ਸਰਦੂਲ ਸਿਕੰਦਰ ਦੀ ਤਬੀਅਤ ਨਾਸਾਜ਼ ਸੀ। ਜਿਸਦੇ ਚਲਦਿਆਂ ਉਨ੍ਹਾਂ  ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ। ਅਮਰ ਨੂਰੀ ਨੇ ਆਪਣੀ ਕਿਡਨੀ ਦੇ ਕੇ ਉਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਕੋਰੋਨਾ ਕਾਰਨ ਸਰਦੂਲ ਸਿਕੰਦਰ ਅੱਜ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ।

ਹਰਦੀਪ ਸਿੰਘ ਪੁਰੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ

60 ਸਾਲਾ ਸਰਦੂਲ ਸਿਕੰਦਰ ਦੇ ਦਿਹਾਂਤ ’ਤੇ ਵੱਖ-ਵੱਖ ਗਾਇਕ, ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਦਿ ਟੱਵੀਟ ਕਰਕੇ ਦੁੱਖ ਪ੍ਰਗਟ ਕਰ ਰਹੇ ਹਨ। ਸਰਦੂਲ ਸਿਕੰਦਰ ਦੇ ਦਿਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ- ‘‘ਸੁਰਾਂ ਦੇ ਬਾਦਸ਼ਾਹ ਅਤੇ ਲੋਕਾਂ ਦੇ ਦਿਲਾਂ ’ਚ ਵਸਣ ਵਾਲੇ ਸਰਦੂਲ ਸਿਕੰਦਰ ਜੀ ਇਸ ਦੁਨੀਆਂ ’ਚ ਨਹੀਂ ਰਹੇ। ਸਰਦੂਲ ਜੀ ਤੁਸੀਂ ਸਰੀਰਕ ਤੌਰ ’ਤੇ ਭਾਵੇਂ ਸਾਡੇ ’ਚ ਨਹੀਂ ਰਹੇ ਪਰ ਤੁਹਾਡੀ ਮਿੱਠੀ ਅਵਾਜ਼ ਸਦਾ ਲੋਕਾਂ ਦੇ ਦਿਲਾਂ ’ਚ ਗੂੰਜਦੀ ਰਹੇਗੀ...ਅਲਵਿਦਾ ਸੁਰਾਂ ਦੇ ਸਿੰਕਦਰ ਸਾਹਿਬ...।’’ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ’ਤੇ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਕਿਹਾ- ‘‘ਮਕਬੂਲ ਪੰਜਾਬੀ ਗਾਇਕ ਸਰਦੂਲ ਸਿਕੰਦਰ ਜੀ ਦੇ ਦਿਹਾਂਤ ਬਾਰੇ ਸੁਣਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੀਆਂ ਧੁਨਾਂ ਹਮੇਸ਼ਾਂ ਚਲਦੀਆਂ ਰਹਿਣਗੀਆਂ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ।  ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ - ‘‘’ਸੁਰਾਂ ਦੇ ਸਿਕੰਦਰ’, ਪੰਜਾਬੀ ਗਾਇਕੀ ਦੇ ਅਨਮੋਲ ਹੀਰੇ ਸਰਦੂਲ ਸਿਕੰਦਰ ਜੀ ਦੇ ਦਿਹਾਂਤ ਦਾ ਅਮਰ ਨੂਰੀ ਜੀ, ਉਨ੍ਹਾਂ ਦੇ ਬੱਚੇ ਅਲਾਪ ਤੇ ਸਾਰੰਗ, ਅਤੇ ਚਾਹੁਣ ਵਾਲਿਆਂ ਨਾਲ ਮੈਂ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ। ਪੰਜਾਬੀ ਸੰਗੀਤ ’ਚ ਪਾਏ ਬੇਮਿਸਾਲ ਯੋਗਦਾਨ ਲਈ ਦੁਨੀਆ ਭਰ ਦੇ ਪੰਜਾਬੀ ਉਨ੍ਹਾਂ ਨੂੰ ਸਦਾ ਯਾਦ ਕਰਦੇ ਰਹਿਣਗੇ।’’

 

Have something to say? Post your comment

Subscribe