ਪਾਇਲਟ ਦੀ ਸੂਝ-ਬੂਝ ਨਾਲ 241 ਯਾਤਰੀਆਂ ਦੀ ਜਾਨ ਬਚੀ
ਕੈਲੇਫ਼ੋਰਨੀਆ (ਏਜੰਸੀਆਂ): ਅਮਰੀਕਾ ਵਿਚ ਪਾਇਲਟ ਦੀ ਫ਼ੁਰਤੀ ਕਾਰਨ ਇਕ ਵੱਡਾ ਹਾਦਸਾ ਹੋਣੋ ਟਲ ਗਿਆ ਤੇ ਬਹਾਦਰ ਪਾਇਲਟ ਨੇ 241 ਯਾਤਰੀਆਂ ਨੂੰ ਸੁਰੱਖਿਅਤ ਧਰਤੀ ’ਤੇ ਉਤਾਰ ਦਿਤਾ। ਅਮਰੀਕਾ ਦੀ ਯੂਨਾਈਟਿਡ ਏਅਰਲਾਇਨਜ਼ ਦੇ ਜਹਾਜ਼ (ਫ਼ਲਾਈਟ ਯੂ.ਏ. 328) ਦੇ ਇਕ ਇੰਜਣ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਉਡਾਣ ਲਗਭਗ 15, 000 ਫ਼ੁੱਟ ਦੀ ਉਚਾਈ ’ਤੇ ਉੱਡ ਰਹੀ ਸੀ। ਹਾਦਸੇ ਤੋਂ ਬਾਅਦ ਬੋਇੰਗ 77 ਜਹਾਜ਼ ਦੇ ਵੱਡੇ ਟੁਕੜੇ ਰਿਹਾਇਸ਼ੀ ਇਲਾਕਿਆਂ ਵਿਚ ਡਿੱਗਣ ਲੱਗ ਗਏ। ਹਾਲਾਂਕਿ, ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸੁਰੱਖਿਅਤ ਤਰੀਕੇ ਨਾਲ ਕਰ ਲਈ ਗਈ ਸੀ। ਇਸ ਤਰ੍ਹਾਂ ਪਾਇਲਟ ਦੀ ਸੂਝ-ਬੂਝ ਨਾਲ 241 ਯਾਤਰੀਆਂ ਦੀ ਜਾਨ ਬਚ ਗਈ। ਅਮਰੀਕਾ ਦੇ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਨਾਈਟਿਡ ਏਅਰਲਾਇਨਜ਼ ਦੀ ਉਡਾਣ 328 ਨੇ ਉਡਾਣ ਭਰੀ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਕੱੁਝ ਮਿੰਟਾਂ ਵਿਚ ਇਕ ਖ਼ੌਫ਼ਨਾਕ ਨਜ਼ਾਰਾ ਸਾਹਮਣੇ ਆ ਜਾਵੇਗਾ। ਟੇਕ ਆਫ਼ ਤੋਂ ਕੱੁਝ ਸਕਿੰਟਾਂ ਬਾਅਦ ਹੀ ਇਕ ਇੰਜਣ ਫਲਾਈਟ ਦਾ ਫ਼ੇਲ ਹੋ ਗਿਆ ਅਤੇ ਅੱਗ ਦੀਆਂ ਲਾਟਾਂ ਨਾਲ ਬਲਣਾ ਸ਼ੁਰੂ ਹੋ ਗਿਆ। ਫ਼ੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਦਸਿਆ ਕਿ ਹੋਨੋਲੂਲੂ ਜਾ ਰਿਹਾ ਬੋਇੰਗ 777 ਜਹਾਜ਼ ਦਾ ਇਕ ਇੰਜਣ ਫ਼ੇਲ ਹੋਣ ਕਾਰਨ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਵਾਪਸ ਪਰਤ ਆਇਆ। ਇਸ ’ਚ ਉਡਾਣ ਤੋਂ ਬਾਅਦ ਇੰਜਣ ਦੇ ਫ਼ੇਲ ਹੋਣ ਕਾਰਨ ਅੱਗ ਲੱਗ ਗਈ। ਜਿਸ ਦੀ ਇਕ ਵੀਡੀਉ ਵੀ ਇਕ ਯਾਤਰੀ ਨੇ ਬਣਾ ਲਈ ਸੀ। ਚੰਗੀ ਗੱਲ ਇਹ ਹੈ ਕਿ ਜਹਾਜ਼ ਉਡਾਣ ਭਰਨ ਦੇ 20 ਮਿੰਟਾਂ ਵਿਚ ਵਾਪਸ ਉਤਰਿਆ ਅਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ।