ਪੱਥਰਾਂ ਦੀ ਖੁਦਾਈ ਕਰੇਗਾ ਅਤੇ ਅਤੀਤ ਵਿੱਚ ਰਹੀ ਕਿਸੇ ਜ਼ਿੰਦਗੀ ਦੇ ਸਬੂਤਾਂ ਦੀ ਭਾਲ ਕਰੇਗਾ
ਅਮਰੀਕਾ, (ਸੱਚੀ ਕਲਮ ਬਿਊਰੋ ): ਵੀਰਵਾਰ ਨੂੰ ਨਾਸਾ ਦਾ ਪਰਜ਼ੈਵਰੈਂਸ ਰੋਵਰ (ਘੁਮੰਤੂ) ਮੰਗਲ ਗ੍ਰਹਿ ਉੱਪਰ ਉਤਰ ਗਿਆ ਸੀ। ਇਸ ਸਫ਼ਰ ਵਿਚ ਉਸ ਨੂੰ ਲਗਭਗ ਸੱਤ ਮਹੀਨੇ ਲੱਗੇ ਹਨ। ਇਹ ਰੋਵਰ (ਘੁਮੰਤੂ) ਹੁਣ ਮੰਗਲ ਗ੍ਰਹਿ ਉੱਪਰ ਘੱਟੋ-ਘੱਟ ਦੋ ਸਾਲ ਬਿਤਾਏਗਾ। ਇਸ ਦੌਰਾਨ ਇਹ ਪੱਥਰਾਂ ਦੀ ਖੁਦਾਈ ਕਰੇਗਾ ਅਤੇ ਅਤੀਤ ਵਿੱਚ ਰਹੀ ਕਿਸੇ ਜ਼ਿੰਦਗੀ ਦੇ ਸਬੂਤਾਂ ਦੀ ਭਾਲ ਕਰੇਗਾ। ਮੰਨਿਆ ਜਾਂਦਾ ਹੈ ਕਿ ਜਜ਼ੈਰੋ 'ਤੇ ਖਰਬਾਂ ਸਾਲ ਪਹਿਲਾਂ ਇੱਕ ਵਿਸ਼ਾਲ ਝੀਲ ਸੀ। (ਅਤੇ) ਜਿੱਥੇ ਪਾਣੀ ਹੋਵੇ ਉੱਥੇ ਜ਼ਿੰਦਗੀ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ।
ਰੋਵਰ ਕਰੇਗਾ ਕੀ?
ਇਹ ਰੋਵਰ ਮੰਗਲ ਗ੍ਰਹਿ ਉੱਪਰ ਕਿਸੇ ਸੰਭਾਵਿਤ ਸੂਖਮ ਜ਼ਿੰਦਗੀ ਦੀ ਭਾਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਸਾਲ 1970 ਦੇ ਵਾਈਕਿੰਗ ਮਿਸ਼ਨ ਤੋਂ ਬਾਅਦ ਗ੍ਰਹਿ ਉੱਪਰ 'ਜ਼ਿੰਦਗੀ ਦੇ ਹਸਤਾਖਰ' (biosignatures) ਸਿੱਧੇ ਤੌਰ 'ਤੇ ਤਲਾਸ਼ਣ ਦਾ ਨਾਸਾ ਵੱਲੋਂ ਪਹਿਲਾ ਉਪਰਾਲਾ ਹੈ। ਰੋਵਰ ਉੱਥੋਂ ਪੱਥਰ, ਮਿੱਟੀ ਦੇ ਨਮੂਨੇ ਇਕੱਠੇ ਕਰ ਕੇ ਟਿਊਬਾਂ ਵਿੱਚ ਭਰੇਗਾ। ਇਸ ਰਾਹਾਂ ਨਾਸਾ ਭਵਿੱਖ ਵਿੱਚ ਮੰਗਲ ਤੇ ਇਨਸਾਨ ਭੇਜਣ ਲਈ ਜ਼ਰੂਰੀ ਆਕਸੀਜ਼ਨ ਗੈਸ ਦੀ ਮੌਜੂਦਗੀ ਬਾਰੇ ਵੀ ਅਧਿਐਨ ਕਰੇਗਾ। ਆਕਸੀਜ਼ਨ ਰਾਕਟਾਂ ਦੇ ਬਲਣ ਅਤੇ ਸਾਹ ਲੈਣ ਲਈ ਜ਼ਰੂਰੀ ਹੈ।
ਇਸ ਤੋਂ ਇਲਾਵਾ ਇਹ ਰੋਵਰ ਮੰਗਲ ਗ੍ਰਹਿ ਉੱਪਰ ਇੱਕ ਹੈਲੀਕਾਪਟਰ ਵੀ ਉਡਾਏਗਾ। ਅਜਿਹਾ ਪਹਿਲੀ ਵਾਰ ਕੀਤਾ ਜਾਵੇਗਾ ਤਾਂ ਜੋ ਦੇਖਿਆ ਜਾ ਸਕੇ ਕਿ ਕੀ ਉੱਥੇ ਅਜਿਹੀਆਂ ਉਡਾਣਾਂ ਸੰਭਵ ਹਨ। ਰੋਵਰ ਮੰਗਲ ਗ੍ਰਹਿ ਉੱਪਰ ਉੱਥੋਂ ਦੇ ਇੱਕ ਸਾਲ ਜਿੰਨਾ ਅਰਸਾ ਵੱਖ-ਵੱਖ ਖੋਜ ਕਾਰਜਾਂ ਵਿੱਚ ਬਿਤਾਏਗਾ। ਮੰਗਲ ਗ੍ਰਹਿ ਦਾ ਇੱਕ ਸਾਲ ਧਰਤੀ ਦੇ 687 ਦਿਨਾਂ ਦਾ ਹੁੰਦਾ ਹੈ।
ਪਰਜ਼ੈਵਰੈਂਸ ਨੂੰ ਧਰਤੀ ਤੋਂ 30 ਜੁਲਾਈ 2020 ਵਿੱਚ ਅਮਰੀਕਾ ਦੇ ਫਲੋਰਿਡਾ ਵਿੱਚ ਸਥਿਤ ਕੇਪ ਕਨੇਵਰਲ ਤੋਂ ਲਾਂਚ ਕੀਤਾ ਗਿਆ ਸੀ ਅਤੇ ਇਸ ਨੇ ਧਰਤੀ ਤੋਂ ਮੰਗਲ ਗ੍ਰਹਿ ਤੱਕ ਲਗਭਗ 47 ਕਰੋੜ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਪੁਲਾੜ ਵਿੱਚ ਇਸ ਨੂੰ ਸੁਰੱਖਿਅਤ ਰੱਖਣ ਲਈ ਰੋਵਰ ਨੂੰ ਖ਼ਾਸ ਐਰੋਸ਼ੈਲ ਵਿੱਚ ਪੈਕ ਕੀਤਾ ਗਿਆ ਸੀ ਤਾਂ ਜੋ ਹਵਾ ਦੇ ਘਰਸ਼ਣ ਨਾਲ ਪੈਦਾ ਹੋਣ ਵਾਲੀ ਗਰਮੀ ਤੋਂ ਇਸ ਦਾ ਬਚਾਅ ਹੋ ਸਕੇ।
ਇਸ ਨੂੰ ਗਰਮੀ ਤੋਂ ਬਚਾਉਣ ਲਈ ਵਰਤੀ ਗਈ ਹੀਟਸ਼ੀਲਡ 2, 100 ਸੈਲਸੀਅਸ (3, 800F) ਤੱਕ ਦਾ ਤਾਪਮਾਨ ਸਹਿਣ ਕਰ ਸਕਦੀ ਹੈ। ਐਰੋਸ਼ੈਲ ਨੇ ਇਸ ਨੂੰ ਮੰਗਲ ਗ੍ਰਹਿ ਵੱਲ ਸੁੱਟਿਆ ਤਾਂ ਜੋ ਇਹ ਤੈਅ ਥਾਂ ਉੱਪਰ ਉਤਰ ਸਕੇ।
ਮੰਗਲ ਗ੍ਰਹਿ ਦੀ ਭੂਮੱਧ ਰੇਖਾ ਜਿਸ ਨੂੰ ਜੇਜ਼ੈਰੋ ਕਿਹਾ ਜਾਂਦਾ ਹੈ, ਦਾ ਡੇਲਟਾ ਜ਼ਿੰਦਗੀ ਦੀ ਭਾਲ ਲਈ ਇਸ ਦਾ ਮੁੱਖ ਖੋਜ ਖੇਤਰ ਹੋਵੇਗਾ। ਸਾਇੰਸਦਾਨਾਂ ਨੇ ਉੱਥੇ ਨਹਾਉਣ ਵਾਲੇ ਟੱਬ ਵਰਗੇ ਕਾਰਬੋਨੇਟ ਖਣਿਜ ਵੀ ਦੇਖੇ ਹਨ। ਇਥੇ ਵਿਗਿਆਨੀ ਅਜਿਹੇ ਪੈਟਰਨਾਂ ਅਤੇ ਤੱਤਾਂ ਦੀ ਭਾਲ ਵੱਲ ਰੁਚਿਤ ਹੋਣਗੇ ਜਿਨ੍ਹਾਂ ਤੋਂ ਜ਼ਿੰਦਗੀ ਦੀ ਸੂਹ ਲਾਈ ਜਾ ਸਕੇ। ਪ੍ਰੋਜੈਕਟ ਦੇ ਉਪ ਸਾਇੰਸਦਾਨ ਕੇਟੀ ਸਟੈਕ ਮੈਰਗਨ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉੱਥੇ ਜ਼ਿੰਦਗੀ ਦੇ ਹਸਤਾਖਰ ਕਿਹੋ ਜਿਹੇ ਹੋਣਗੇ। (ਪਰ) ਪ੍ਰਾਚੀਨ ਧਰਤੀ ਇਸ ਬਾਰੇ ਕੋਈ ਸੰਕੇਤ ਦੇ ਸਕੇਗੀ। ਬੈਕਟੀਰੀਆ ਦੀਆਂ ਤਹਿਆਂ ਵਾਲੇ ਪੱਥਰ ਧਰਤੀ ਉੱਪਰ ਮਿਲਦੇ ਹਨ ਜੇ ਅਜਿਹੀਆਂ ਰਚਨਾਵਾਂ ਮੰਗਲ ਗ੍ਰਹਿ ਉੱਪਰ ਮਿਲਦੀਆਂ ਹਨ ਤਾਂ ਇਹ ਉੱਥੇ ਸੂਖਮ (ਮਾਈਕ੍ਰੋਬਾਇਔਲੋਜੀਕਲ) ਜ਼ਿੰਦਗੀ ਦੇ ਸੰਕੇਤ ਹੋ ਸਕਦੇ ਹਨ।
ਇਹ ਹੈਲੀਕਾਪਟਰ 1.8 ਕਿੱਲੋਗ੍ਰਾਮ ਵਜ਼ਨੀ ਹੈ। ਇਸਨੂੰ ਭੇਜਣ ਦਾ ਮਕਸਦ ਹੈ। ਮੰਗਲ ਗ੍ਰਹਿ ਦੀ ਖਿੱਚ ਤਾਂ ਭਾਵੇਂ ਧਰਤੀ ਨਾਲੋਂ ਘੱਟ ਹੈ ਪਰ ਇਸ ਦਾ ਵਾਯੂਮੰਡਲ ਧਰਤੀ ਨਾਲੋਂ ਸੰਘਣਾ ਹੈ। ਇਸ ਵਜ੍ਹਾ ਕਾਰਨ ਉੱਥੇ ਉਡਾਣ ਭਰਨਾ ਮੁਸ਼ਕਲ ਹੈ।
ਦੋ ਪੱਖਿਆਂ ਵਾਲਾ ਇਹ ਹੈਲੀਕਾਪਟਰ ਮੰਗਲ ਦੀ ਸਤਹਿ ਦੀਆਂ 13 ਮੈਗਾ ਪਿਕਸਲ ਦੇ ਕੈਮਰੇ ਨਾਲ ਰੰਗੀਨ ਤਸਵੀਰਾਂ ਲਵੇਗਾ। ਤੁਹਾਡਾ ਅੰਦਾਜ਼ਾ ਸਹੀ ਹੈ ਇਹ ਉਹੀ ਕੈਮਰਾ ਹੈ ਜੋ ਤੁਹਾਡੇ ਸਰਾਟਫੋਨ ਵਿੱਚ ਵੀ ਹੈ। ਉਡਾਣ ਭਰ ਸਕਣ ਵਾਲੇ ਘੁਮੰਤੂ ਇਸ ਪੱਖੋਂ ਵੀ ਉਪਯੋਗੀ ਹੁੰਦੇ ਹਨ ਕਿ ਇਹ ਜ਼ਮੀਨੀ ਘੁਮੰਤੂਆਂ ਨਾਲੋਂ ਤੇਜ਼ ਕੰਮ ਕਰਦੇ ਹਨ।
ਨਾਸਾ ਦੇ ਇਸ ਮਹੱਤਵਕਾਂਸ਼ੀ ਮਿਸ਼ਨ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਦੀ ਅਗਵਾਈ ਭਾਰਤੀ-ਅਮਰੀਕੀ ਡਾ. ਸਵਾਤੀ ਮੋਹਨ ਕਰ ਰਹੇ ਸਨ।