ਜਲੰਧਰ (ਸੱਚੀ ਕਲਮ ਬਿਊਰੋ) : ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਕਿ੍ਰਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਥਾਨਕ ਚੋਣਾਂ ਚ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਹੋਈ ਇਤਿਹਾਸਕ ਜਿੱਤ ਨੇ 2022 ਚ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਬਣਨ ਵਾਲੀ ਸਰਕਾਰ ਦਾ ਮੁੱਢ ਬੰਨਿਆ ਹੈ ।ਬਾਵਾ ਨੇ ਕਿਹਾ ਕਿ ਇਨਾਂ ਚੋਣਾਂ ਚ ਪੰਜਾਬ ਦੇ ਸੂਝਵਾਨ, ਦੂਰ ਅੰਦੇਸ਼ੀ ਸੋਚ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਉਸਾਰੂ ਨੀਤੀਆਂ ਤੇ ਮੋਹਰ ਲਗਾ ਕੇ ਉਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਕਾਂਗਰਸ ਪਾਰਟੀ ਦੀ ਸਮੁੱਚੀ ਕਾਰਜਕਾਰਨੀ ਅਤੇ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ ਹਨ । ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਹਮੇਸ਼ਾਂ ਤੱਤਪਰ ਹੈ । ਲੋੜ ਹੈ ਫਿਰਕੂ ਅਤੇ ਮੌਕਾਪ੍ਰਸਤ ਲੋਕਾਂ ਤੋਂ ਪੰਜਾਬ ਨੂੰ ਬਚਾ ਕੇ ਰੱਖੀਏ। ਉਨਾਂ ਕਿਹਾ ਕਿ ਭਾਜਪਾ ਦੀ ਕੇਂਦਰ ਦੀ ਸ੍ਰੀ ਮੋਦੀ ਦੀ ਰਹਿਨੁਮਾਈ ਹੇਠ ਸਰਕਾਰ ਨੇ ਅੱਜ ਦੇਸ਼ ਅੰਦਰ ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਤੋਂ ਲੈ ਕੇ ਡਾ ਮਨਮੋਹਨ ਸਿੰਘ ਤੱਕ ਦੇਸ਼ ਦੀਆਂ ਸਰਕਾਰਾਂ ਨੇ ਭਾਰਤ ਦੀ ਅਨੇਕਤਾ ਵਿੱਚ ਏਕਤਾ ਨੂੰ ਬਰਕਰਾਰ ਰੱਖਿਆ ਅਤੇ ਭਾਰਤ ਨੂੰ ਰੰਗ ਬਿਰੰਗੇ ਗੁਲਦਸਤੇ ਨੂੰ ਖੂਬਸੂਰਤ ਬਣਾਇਆ। ਜਿਸ ਵਿਚ ਅਨੇਕਾਂ ਧਰਮਾਂ, ਜਾਤੀਆਂ, ਭਾਸ਼ਾਵਾਂ ਅਤੇ ਪਹਿਰਾਵਿਆਂ ਦੀ ਖੁਸ਼ਬੂ ਆਉਂਦੀ ਹੈ ।