ਮੁੰਬਈ (ਏਜੰਸੀਆਂ) : ਵਿਸ਼ਵ ਕ੍ਰਿਕਟ ਵਿਚ ਸਚਿਨ ਤੇਂਦੁਲਕਰ ਦਾ ਨਾਂ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ ਤੇ ਉਸ ਨੇ ਛੋਟੀ ਉਮਰੇ ਭਾਰਤੀ ਕ੍ਰਿਕਟ ’ਚ ਸ਼ਾਮਲ ਹੋ ਕੇ ਜੋ ਨਾਮ ਨਾਮਣਾ ਖੱਟਿਆ ਹੈ, ਕੀ ਉਸ ਮੁਕਾਮ ਦੇ ਨੇੜੇ-ਤੇੜੇ ਸਚਿਨ ਦਾ ਬੇਟਾ ਵੀ ਜਾ ਸਕਦਾ ਹੈ ਪਰ ਫ਼ਿਲਹਾਲ ਇਹ ਸਵਾਲ ਹੀ ਹੈ ਪਰ ਭਵਿੱਖ ਦੱਸੇਗਾ ਕਿ ਉਸ ਦੇ ਅੰਦਰ ਕਿੰਨੀ ਪ੍ਰਤਿਭਾ ਹੈ। ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ ਮੁੰਬਈ ਇੰਡੀਅਨਜ਼ ਨਾਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣੇ ਡੈਬਿਊ ਲਈ ਬੇਕਰਾਰ ਹਨ ਅਤੇ ਉਨ੍ਹਾਂ ਨੇ ਖਿਡਾਰੀਆਂ ਦੀ ਨੀਲਾਮੀ ਵਿਚ 5 ਵਾਰ ਦੀ ਚੈਂਪੀਅਨ ਵਲੋਂ ਚੁਣੇ ਜਾਣ ਦੇ ਬਾਅਦ ਉਨ੍ਹਾਂ ’ਤੇ ਭਰੋਸਾ ਦਿਖਾਉਣ ਲਈ ਕੋਚਾਂ ਦਾ ਧੰਨਵਾਦ ਕੀਤਾ ਹੈ।
ਸਾਬਕਾ ਕਪਤਾਨ ਸਚਿਨ ਤੇਂਦੁਲਕਰ ਦੇ 21 ਸਾਲਾ ਪੁੱਤਰ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਉਨ੍ਹਾਂ ਦੇ 29 ਲੱਖ ਰੁਪਏ ਦੇ ਆਧਾਰ ਮੁੱਲ ’ਤੇ ਖ਼ਰੀਦਿਆ। ਉਨ੍ਹਾਂ ਦੇ ਪਿਤਾ ਫਰੈਂਚਾਇਜ਼ੀ ਲਈ ਖੇਡੇ ਹੀ ਨਹੀਂ, ਸਗੋਂ ਉਹ ਉਸ ਟੀਮ ਦੇ ਮੈਂਟਰ ਵੀ ਹਨ ਜੋ ਆਈ.ਪੀ.ਐਲ. ਦੀ ਸਭ ਤੋਂ ਸਫ਼ਲ ਟੀਮ ਹੈ। ਅਰਜੁਨ ਨੇ ਮੁੰਬਈ ਇੰਡੀਅਨਜ਼ ਦੇ ਟਵਿਟਰ ਹੈਂਡਲ ’ਤੇ ਵੀਡੀਓ ਸੰਦੇਸ਼ ਪੋਸਟ ਕਰਦੇ ਹੋਏ ਕਿਹਾ, ‘ਬਚਪਨ ਤੋਂ ਹੀ ਮੈਂ ਮੁੰਬਈ ਇੰਡੀਅਨਜ਼ ਦਾ ਪ੍ਰਸ਼ੰਸਕ ਹਾਂ। ਮੈਂ ਕੋਚਾਂ ਅਤੇ ਸਹਿਯੋਗੀ ਸਟਾਫ ਦਾ ਧੰਨਵਾਦ ਕਰਨਾ ਚਾਵਾਂਗਾ, ਜਿਨ੍ਹਾਂ ਨੇ ਮੇਰੇ ’ਤੇ ਭਰੋਸਾ ਦਿਖਾਇਆ।’
ਉਨ੍ਹਾਂ ਕਿਹਾ, ‘ਮੈਂ ਮੁੰਬਈ ਇੰਡੀਅਨਜ਼ ਪਲਟਨ ਨਾਲ ਜੁੜਨ ਲਈ ਰੋਮਾਂਜਿਤ ਹਾਂ ਅਤੇ ਨੀਲੀ ਅਤੇ ਸੁਨਹਿਰੀ ਜਰਸੀ ਪਾਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ।’ ਅਰਜੁਨ ਪਿਛਲੇ 2-3 ਸੀਜ਼ਨ ਤੋਂ ਫਰੈਂਚਾਇਜ਼ੀ ਦੇ ਨੈਟ ਗੇਂਦਬਾਜ਼ ਵੀ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਮੁੰਬਈ ਦੀ ਸੀਨੀਅਰ ਟੀਮ ਲਈ ਡੈਬਿਊ ਕੀਤਾ, ਜਿਸ ਲਈ ਉਹ ਰਾਸ਼ਟਰੀ ਟੀ20 ਚੈਂਪੀਅਨਸ਼ਿਪ ਸਯਦ ਮੁਸ਼ਤਾਕ ਅਲੀ ਟਰਾਫੀ ਵਿਚ ਹਰਿਆਣਾ ਖ਼ਿਲਾਫ਼ ਖੇਡੇ ਸਨ।