Thursday, November 21, 2024
 

ਸਿੱਖ ਇਤਿਹਾਸ

ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ 🙏

February 19, 2021 04:38 PM

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਅਸਥਾਨ ਹੈ, ਜਿਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਜੀ ਦੇ ਆਗਮਨ ਸਮੇਂ ਇਹ ਨਗਰ ਰਾਏ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਗੁਰੂ ਸਾਹਿਬ ਦੇ ਮੁਬਾਰਕ ਪ੍ਰਕਾਸ਼ ਤੋਂ ਬਾਅਦ ਇਸ ਦਾ ਨਾਮ ਸ੍ਰੀ ਨਨਕਾਣਾ ਸਾਹਿਬ ਕਰਕੇ ਮਸ਼ਹੂਰ ਹੋਇਆ। ਭਾਰਤ ਪਾਕਿਸਤਾਨ ਵੰਡ ਸਮੇਂ ਬੇਸ਼ੱਕ ਇਹ ਅਸਥਾਨ ਪਾਕਿਸਤਾਨ ਵਿਚ ਚਲਾ ਗਿਆ ਪਰ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਇਸ ਇਤਿਹਾਸਕ ਅਸਥਾਨ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਨਤਮਸਤਕ ਹੁੰਦੀਆਂ ਹਨ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਿੱਖੀ ਦਾ ਮੂਲ ਇਤਿਹਾਸਿਕ ਅਸਥਾਨ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ 20 ਫ਼ਰਵਰੀ 1921 ਨੂੰ ਵਾਪਰੇ ਸ਼ਹੀਦੀ ਸਾਕੇ ਨੂੰ ‘ਸਾਕਾ ਨਨਕਾਣਾ ਸਾਹਿਬ’ ਕਰਕੇ ਜਾਣਿਆ ਜਾਂਦਾ ਹੈ। ਇਸ ਸਾਕੇ ਸਮੇਂ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਇਸ ਸਾਕੇ ਦੇ ਪਿਛੋਕੜ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਕਾਬਜ ਮਹੰਤ ਨਰੈਣੂ ਦੀਆਂ ਮਨ-ਮਾਨੀਆਂ ਅਤੇ ਅਯਾਸ਼ ਕਿਸਮ ਦੀਆਂ ਕਾਰਵਾਈਆਂ ਸਨ। ਗੁਰਦੁਆਰਾ ਸਾਹਿਬ ਨੂੰ ਇਸ ਅਯਾਸ਼ ਮਹੰਤ ਦੇ ਕਬਜ਼ੇ ਵਿਚੋਂ ਮੁਕਤ ਕਰਵਾਉਣ ਲਈ ਬੇਸ਼ੱਕ ਸਿੱਖਾਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ ਪਰੰਤੂ ਇਸ ਸਾਕੇ ਤੋਂ ਬਾਅਦ ਜਿਥੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਆਇਆ, ਉਥੇ ਹੀ ਸਮੁੱਚਾ ਪੰਥ ਕੌਮੀ ਸੰਗਠਨ ਨਾਲ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਲਈ ਉਠ ਖੜ੍ਹਾ ਹੋਇਆ।
ਗੁਰਦੁਆਰਾ ਸਾਹਿਬਾਨ ਨੂੰ ਅਜਿਹੇ ਬਦਚਲਨ ਮਹੰਤਾਂ ਪਾਸੋਂ ਮੁਕਤ ਕਰਵਾ ਕੇ ਗੁਰਮਤਿ ਅਨੁਸਾਰੀ ਪ੍ਰਬੰਧ ਚਲਾਉਣ ਦੇ ਯਤਨ ਨੂੰ ਸਿੱਖ ਇਤਿਹਾਸ ਵਿਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਸਮੇਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਅਕਸਰ ਉਦਾਸੀ, ਨਿਰਮਲੇ ਸਾਧੂ, ਸੰਪਰਦਾਵਾਂ ਕਰਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਸ਼ਨ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਨਾਮ ਜ਼ਮੀਨਾਂ ਤੇ ਜਗੀਰਾਂ ਆਦਿ ਲਗਵਾਈਆਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਨਵੀਆਂ ਇਮਾਰਤਾਂ ਵੀ ਤਿਆਰ ਕਰਵਾਈਆਂ। ਪੰਜਾਬ ਉਤੇ ਅੰਗਰੇਜ਼ਾਂ ਦੇ ਕਾਬਜ਼ ਹੋਣ ਪਿਛੋਂ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਵਿਗਾੜ ਆਉਣੇ ਸ਼ੁਰੂ ਹੋ ਗਏ। ਅੰਗਰੇਜ਼ਾਂ ਦੁਆਰਾ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸਿੱਧੀ ਦਖ਼ਲ-ਅੰਦਾਜ਼ੀ ਹੋਣ ਲੱਗੀ। ਪ੍ਰਬੰਧਕ ਮਨਮਾਨੀਆਂ ਅਤੇ ਗੁਰਮਤਿ ਵਿਰੋਧੀ ਕਾਰਵਾਈਆਂ ਕਰਨ ਲੱਗ ਪਏ। ਇਸ ਨਾਲ ਸਿੱਖਾਂ ‘ਚ ਰੋਸ ਤੇ ਰੋਹ ਪੈਦਾ ਹੋ ਗਿਆ ਅਤੇ ਇਸੇ ਰੋਸ ਨੇ ‘ਗੁਰਦੁਆਰਾ ਸੁਧਾਰ ਲਹਿਰ’ ਨੂੰ ਜਨਮ ਦਿੱਤਾ। ਇਸ ਲਹਿਰ ਦੇ ਦੌਰਾਨ ਸਿੱਖਾਂ ਵਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ‘ਚ ਸੁਧਾਰ ਹਿਤ ਗੁਰਦੁਆਰਾ ਸਾਹਿਬ ‘ਤੇ ਮਹੰਤਾਂ ਦੇ ਕਬਜੇ ਨੂੰ ਹਟਾਉਣ ਲਈ ਸ਼ਾਂਤਮਈ ਰੋਸ ਪ੍ਰਗਟ ਕਰਨ ਲਈ ਇਕੱਠ ਹੋਏ।
ਸ੍ਰੀ ਨਨਕਾਣਾ ਸਾਹਿਬ ‘ਤੇ ਕਾਬਜ਼ ਮਹੰਤ ਨਰਾਇਣ ਦਾਸ ਗੁਰਮਤਿ ਵਿਰੋਧੀ ਕਾਰਵਾਈਆਂ ਕਾਰਨ ਬਹੁਤ ਬਦਨਾਮ ਹੋ ਚੁੱਕਾ ਸੀ। ਇਸ ਮਹੰਤ ਨੇ ਗੁਰਮਤਿ ਦੇ ਉਲਟ ਕੰਜਰੀਆਂ ਦਾ ਨਾਚ ਕਰਾਇਆ, ਜਿਸ ਦਾ ਸੰਗਤਾਂ ਨੇ ਬਹੁਤ ਬੁਰਾ ਮਨਾਇਆ। ਅਖ਼ਬਾਰਾਂ ਵਿਚ ਵੀ ਖ਼ਬਰਾਂ ਛਪੀਆਂ ਅਤੇ ਸਿੰਘ ਸਭਾਵਾਂ ਨੇ ਰੋਸ ਮਤੇ ਪਾਸ ਕੀਤੇ ਤੇ ਸਰਕਾਰ ਤੋਂ ਮਹੰਤ ਨੂੰ ਹਟਾਉਣ ਦੀ ਮੰਗ ਕੀਤੀ ਗਈ। 1918 ਈ: ਵਿਚ ਸਿੰਧ ਦਾ ਰਹਿਣਵਾਲਾ ਇਕ ਰਿਟਾਇਰ ਅਫ਼ਸਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਆਪਣੇ ਪਰਿਵਾਰ ਨਾਲ ਆਇਆ, ਮਹੰਤ ਨੇ ਉਸ ਦੇ ਪ੍ਰੀਵਾਰ ਨਾਲ ਦੁਰਵਿਵਹਾਰ ਕੀਤਾ। ਪੁਜਾਰੀਆਂ ਦੀਆਂ ਅਜਿਹੀਆਂ ਹਰਕਤਾਂ ਤੋਂ ਲੋਕ ਤੰਗ ਆ ਚੁੱਕੇ ਸਨ ਅਤੇ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਸੀ। ਅਕਤੂਬਰ 1920 ਈ. ਵਿਚ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਧਾਰੋਵਾਲੀ ਵਿਖੇ ਇਕ ਸਜੇ ਦੀਵਾਨ ਵਿਚ ਸੰਗਤਾਂ ਦੇ ਇਕੱਠ ‘ਚ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਦੇ ਸੁਧਾਰ ਲਈ ਮਤਾ ਪਾਸ ਕੀਤਾ, ਜਿਸ ਦੀ ਜਾਣਕਾਰੀ ਮਹੰਤ ਨੂੰ ਵੀ ਪਹੁੰਚ ਗਈ ਸੀ। ਇਸ ਲਈ ਉਸ ਨੇ ਚਾਰ-ਪੰਜ ਸੌ ਭਾੜੇ ਦੇ ਆਦਮੀ ਆਪਣੀ ਰਾਖੀ ਲਈ ਸੱਦ ਲਏ।
1920 ਈ: ਨੂੰ ਕੱਤਕ ਦੀ ਪੂਰਨਮਾਸ਼ੀ ਦੇ ਮੇਲੇ ‘ਤੇ ਮਹੰਤ ਨਰਾਇਣ ਦਾਸ ਨੇ ਚਾਰ-ਪੰਜ ਸੌ ਆਦਮੀਆਂ ਦਾ ਮੁਜ਼ਾਹਰਾ ਕੀਤਾ। ਸੰਗਤਾਂ ਵਿਚੋਂ ਜਿਸ ਉਤੇ ਵੀ ਅਕਾਲੀ ਹੋਣ ਦਾ ਸ਼ੱਕ ਪਿਆ, ਉਸਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਪਿਛੋਂ 23 ਜਨਵਰੀ ਅਤੇ 6 ਫਰਵਰੀ 1921 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਇਸ ਸਬੰਧੀ ਵਿਚਾਰਾਂ ਹੋਈਆਂ। ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁੰਦਰ ਸਿੰਘ ਰਾਮਗੜ੍ਹੀਆ ਤੇ ਮੀਤ ਪ੍ਰਧਾਨ ਹਰਬੰਸ ਸਿੰਘ ਵਲੋਂ ਕਮੇਟੀ ਦੀ ਰਾਏ ਅਨੁਸਾਰ ਮਹੰਤ ਦੇ ਨਾਮ ਉਸਦੇ ਆਚਰਣ ਸਬੰਧੀ ਗੁਰਦੁਆਰੇ ਸਾਹਿਬ ਦੇ ਪ੍ਰਬੰਧ ਸੁਧਾਰ ਲਈ ਖੁਲ੍ਹੀ ਚਿੱਠੀ ਲਿਖੀ ਗਈ। ਇਸ ਦੇ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਦੀਵਾਨ ਤੇ ਲੰਗਰ ਦੇ ਪ੍ਰਬੰਧ ਲਈ ਭਾਈ ਲਛਮਣ ਸਿੰਘ, ਸ. ਦਲੀਪ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਕਰਤਾਰ ਸਿੰਘ ਝੱਬਰ ਅਤੇ ਸ. ਬਖਸ਼ੀਸ਼ ਸਿੰਘ ‘ਤੇ ਅਧਾਰਤ ਇਕ ਕਮੇਟੀ ਬਣਾ ਦਿੱਤੀ। ਇਨ੍ਹਾਂ ਤੋਂ ਇਲਾਵਾ ਹੋਰ ਪ੍ਰਮੁੱਖ ਸਿੱਖ ਵੀ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਦੇ ਰਹੇ। ਦੂਜੇ ਪਾਸੇ ਮਹੰਤ ਨਰਾਇਣ ਦਾਸ ਨੇ 7 ਫਰਵਰੀ ਨੂੰ ਆਪਣੇ ਹਮਾਇਤੀਆਂ ਦੀ ਇਕੱਤਰਤਾ ਬੁਲਾਈ।
ਸਿੱਖ ਸੰਗਤਾਂ ਨੇ ਮਹੰਤ ਦੀਆਂ ਘਟੀਆਂ ਕਾਰਵਾਈਆਂ ਨੂੰ ਰੋਕਣ ਲਈ 19 ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਫੈਸਲਾ ਕੀਤਾ। ਸਿੱਖ ਸੰਗਤਾਂ ਦੇ ਮੁਖੀਆਂ ਨੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿਚ ਫੈਸਲਾ ਕੀਤਾ ਕਿ ਕੋਈ ਪੱਕੀ ਤਰੀਕ ਨਿਸ਼ਚਿਤ ਕੀਤੇ ਬਿਨਾਂ ਕੋਈ ਜਥਾ ਨਨਕਾਣਾ ਸਾਹਿਬ ਨਾ ਜਾਵੇ। ਪਰ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਸ. ਕਰਤਾਰ ਸਿੰਘ ਝੱਬਰ ਆਪਣੇ-ਆਪਣੇ ਜਥੇ ਲੈ ਕੇ ਨਨਕਾਣਾ ਸਾਹਿਬ ਪੁੱਜਣਾ ਚਾਹੁੰਦੇ ਸਨ। ਦੋਹਾਂ ਜਥਿਆਂ ਨੂੰ ਰੋਕਣ ਦਾ ਯਤਨ ਕੀਤਾ। ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਰੋਕ ਲਿਆ ਗਿਆ। ਪਰ ਭਾਈ ਲਛਮਣ ਸਿੰਘ ਦਾ ਜਥਾ ਨਾ ਰੁਕਿਆ ਅਤੇ ਇਹ ਜਥਾ 20 ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚ ਗਿਆ।
ਮਹੰਤ ਨਰਾਇਣ ਦਾਸ ਨੇ ਸਿੰਘਾਂ ‘ਤੇ ਹਮਲੇ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਜਦੋਂ ਸਿੰਘਾਂ ਦਾ ਜਥਾ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਉਸ ਦੇ ਭਾੜੇ ਦੇ ਗੁੰਡਿਆਂ ਨੇ ਸਿੰਘਾਂ ਪੁਰ ਵਾਰ ਕਰਨੇ ਸ਼ੁਰੂ ਕਰ ਦਿੱਤੇ, ਛੱਤ ਦੇ ਉਪਰੋਂ ਗੋਲੀਆਂ ਚਲਾਈਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੰਘ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਕਈ ਗੋਲੀਆਂ ਲੱਗੀਆਂ। ਜ਼ਖਮੀ ਸਿੰਘਾਂ ਨੂੰ ਤੇਲ ਪਾ ਕੇ ਸਾੜਿਆ ਗਿਆ। ਇਸ ਖ਼ੂਨੀ ਸਾਕੇ ਸਬੰਧੀ ਸ. ਉਤਮ ਸਿੰਘ ਕਾਰਖਾਨੇ ਵਾਲਿਆਂ ਨੇ ਪੰਥਕ ਜਥੇਬੰਦੀ ਤੇ ਸਰਕਾਰੀ ਅਫ਼ਸਰਾਂ ਨੂੰ ਤਾਰਾਂ ਭੇਜੀਆਂ। 21 ਫਰਵਰੀ 1921 ਈ: ਨੂੰ ਸਿੱਖ ਮੁਖੀ ਤੇ ਅਣਗਿਣਤ ਸੰਗਤਾਂ ਨਨਕਾਣਾ ਸਾਹਿਬ ਪੁੱਜੀਆਂ। ਉਸੇ ਦਿਨ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿਚ ਆ ਗਿਆ। 22 ਫਰਵਰੀ ਦੀ ਸ਼ਾਮ ਨੂੰ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੇ ਸਿੱਖ ਜਗਤ ‘ਚ ਰੋਹ ਤੇ ਜੋਸ਼ ਪੈਦਾ ਕਰ ਦਿੱਤਾ। ਸਿੱਖ ਸੰਗਤਾਂ ਨੇ ਸਮੂੰਹ ਗੁਰਦੁਆਰਾ ਸਾਹਿਬਾਨ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਕਮਰਕੱਸੇ ਕਰ ਲਏ। ਇਸ ਲਹਿਰ ਨੇ ਗੁਰਦੁਆਰਾ ਪ੍ਰਬੰਧਾਂ ਵਿਚ ਗੁਰਮਤਿ ਮਰਯਾਦਾ ਦੀ ਇਕਸੁਰਤਾ ਦਾ ਮੁੱਢ ਬੰਨ੍ਹਿਆ।

 

Have something to say? Post your comment

 
 
 
 
 
Subscribe