Tuesday, January 28, 2025
 

ਸਿੱਖ ਇਤਿਹਾਸ

ਬੰਦਾ ਸਿੰਘ ਬਹਾਦੁਰ ਨੇ ਖੰਡੇ ਦੀ ਪਾਹੁਲ ਕਦੋਂ ਲਈ ਸੀ ?

January 16, 2022 05:30 PM

 

1. ਬੰਦਾ ਸਿੰਘ ਬਹਾਦੁਰ ਨੇ 4 ਸਤੰਬਰ 1708 ਦੇ ਦਿਨ ਖੰਡੇ ਦੀ ਪਾਹੁਲ ਲਈ ਸੀ। ਸਤਿਗੁਰਾਂ ਨੇ ਆਪਣੇ ਦਸਤ ਮੁਬਾਰਕ ਨਾਲ ਉਸ ਨੂੰ ਕੰਘਾ, ਕਿਰਪਾਨ, ਕੜਾ, ਕਛਹਿਰਾ ਭੇਟ ਕੀਤੇ। ਸਿਰ ’ਤੇ ਛੋਟੀ ਦਸਤਾਰ-ਕੇਸਕੀ ਸਜਾ ਕੇ ਬੈਰਾਗੀ ਤੋਂ ਸਿੰਘ ਰੂਪ ਵਿਚ ਲੈ ਆਂਦਾ ਸੀ। ਸਤਿਗੁਰਾਂ ਇਸ ਨੂੰ ਭਾਈ ਦਇਆ ਸਿੰਘ ਤੇ ਤਿੰਨ ਹੋਰ ਸਿੱਖਾਂ ਨੂੰ ਲੈ ਕੇ ਆਪਣੇ ਹੱਥੀਂ ਮਾਧੋ ਦਾਸ ਨੂੰ ਖੰਡੇ ਦੀ ਪਾਹੁਲ ਦੇ ਕੇ ਸਿੰਘ ਸਜਾ ਦਿੱਤਾ। ਸਤਿਗੁਰਾਂ ਉਸ ਦਾ ਨਾਂ ਬੰਦਾ ਸਿੰਘ ਰੱਖਿਆ। ਇਸ ਮੌਕੇ ’ਤੇ ਸਿੰਘਾਂ ਨੇ ‘ਅਕਾਲ! ਅਕਾਲ!’ ਦੇ ਜੈਕਾਰੇ ਗਜਾ ਕੇ ਆਸਮਾਨ ਗੁੰਜਾ ਦਿੱਤਾ। (ਲੇਖਕ ਮੈਕਸ ਆਰਥਰ ਮੈਕਾਲਿਫ਼ ਨੇ ਕਿਸੇ ਭੁਲੇਖੇ ਵਿਚ ਲਿਖਿਆ ਸੀ ਕਿ ਉਸ ਦਾ ਨਾਂ ਗੁਰਬਖ਼ਸ਼ ਸਿੰਘ ਰੱਖਿਆ ਗਿਆ ਸੀ ਜੋ ਕਿਸੇ ਵੀ ਸੋਮੇ ਵਿਚ ਲਿਖਿਆ ਨਹੀਂ ਮਿਲਦਾ)।
2. ਕੁਝ ਆਰੀਆ ਸਮਾਜੀਆਂ ਅਤੇ ਹੋਰ ਫ਼ਿਰਕੂ ਲਿਖਾਰੀਆਂ ਨੇ ਇਕ ਸਾਜ਼ਿਸ਼ ਹੇਠ ਬੰਦਾ ਸਿੰਘ ਨੂੰ ਇਕ ‘ਬੈਰਾਗੀ ਸਾਧੂ’ ਦੇ ਤੌਰ ’ਤੇ ਪੇਸ਼ ਕਰਨ ਦੀ ਨਾਜਾਇਜ਼ ਤੇ ਨਾਕਾਮ ਕੋਸ਼ਿਸ਼ ਕੀਤੀ ਹੈ ਤੇ ਇਹ ਪਰਚਾਰਿਆ ਹੈ ਕਿ ਉਸ ਨੇ ਖੰਡੇ ਦੀ ਪਾਹੁਲ ਨਹੀਂ ਲਈ ਸੀ। ਇਸ ਝੂਠ ਪਰਚਾਰ ਦੀ ਸ਼ੁਰੂਆਤ ਭਾਈ ਪਰਮਾ ਨੰਦ ਨੇ, 1925 ਵਿਚ, ਇਕ ਹਿੰਦੀ ਕਿਤਾਬ ਬੰਦਾ ਬੈਰਾਗੀ ਲਿਖ ਕੇ ਕੀਤੀ ਸੀ।(ਇਹ ਪਰਮਾ ਨੰਦ ਆਪਣੇ ਆਪ ਨੂੰ ਭਾਈ ਮਤੀ ਦਾਸ ਸ਼ਹੀਦ ਦੀ ਕੋਲ ਚੋਂ ਦਸਦਾ ਸੀ ਪਰ ਇਹ ਸਹੀ ਨਹੀਂ ਹੈ। ਪਰਮਾ ਨੰਦ, ਬੰਦਾ ਸਿੰਘ ਨਾਲ ਸ਼ਹੀਦ ਹੋਣ ਵਾਲੇ, ਭਾਈ ਰਾਏ ਸਿੰਘ ਹਜ਼ੂਰੀ ਤੋਂ ਛੇਵੇਂ ਥਾਂ ਸੀ ਅਤੇ ਭਾਈ ਰਾਏ ਸਿੰਘ ਜੰਤੀ ਦਾਸ ਦਾ ਪੁਤਰ, ਕਬੂਲਾ ਦਾ ਪੋਤਾ ਤੇ ਦਵਾਰਕਾ ਦਾਸ ਦਾ ਪੜਪੋਤਾ ਸੀ)। ਪਰਮਾ ਨੰਦ ਤੋਂ ਮਗਰੋਂ ਇਕ ਹੋਰ ਆਰੀਆ ਸਮਾਜੀ ਲੇਖਕ ਲਾਲਾ ਦੌਲਤ ਰਾਏ ਆਰੀਆ ਨੇ ਸਾਹਿਬੇ ਕਮਾਲ ਕਿਤਾਬ ਲਿਖ ਕੇ ਇਹੀ ਪਰਚਾਰ ਕੀਤਾ ਤੇ ਫਿਰ ਡਾ: ਹਰੀ ਰਾਮ ਗੁਪਤਾ ਨੇ ਹਿਸਟਰੀ ਆਫ਼ ਦ ਸਿੱਖਜ਼ (ਜਿਲਦ ਦੂਜੀ) ਵਿਚ ਇਹੀ ਝੂਠ ਪਰਚਾਰਿਆ ਸੀ। ਇਹ ਫ਼ਿਰਕੂ ਲਿਖਾਰੀ ਸਿੱਖਾਂ ਨੂੰ ਨੀਮ-ਹਿੰਦੂ ਜਾਂ ਕੇਸਾਂ ਵਾਲੇ ਹਿੰਦੂ ਸਾਬਿਤ ਕਰਨ ਵਾਸਤੇ, ਸਾਰੇ ਤਵਾਰੀਖ਼ੀ ਸੋਮਿਆਂ ਨੂੰ ਨਜ਼ਰ-ਅੰਦਾਜ਼ ਕਰ ਕੇ, ਝੂਠ ਲਿਖਦੇ ਰਹੇ ਹਨ।
3. ਬੰਦਾ ਸਿੰਘ ਵੱਲੋਂ ਪਾਹੁਲ ਲੈਣ ਦਾ ਸਭ ਤੋਂ ਵਧੀਆ ਵੇਰਵਾ ਸਰੂਪ ਸਿੰਘ ਕੌਸ਼ਿਸ਼ ਨੇ ਭੱਟ ਵਹੀਆਂ ਦੇ ਅਧਾਰ ’ਤੇ ਲਿਖੀ ਕਿਤਾਬ ਗੁਰੂ ਕੀਆਂ ਸਾਖੀਆਂ (1790) ਦਿੱਤਾ ਹੈ (ਜੋ ਉਪਰ ਆ ਚੁਕਾ ਹੈ)। ਇਸ ਤੋਂ ਇਲਾਵਾ ਮਿਰਜ਼ਾ ਮੁਬਾਰਕੁੱਲਾ ਇਰਾਦਤ ਖ਼ਾਨ ਦੀ ਤਾਰੀਖ਼ੇ ਇਰਾਦਤ ਖ਼ਾਨ (1714), ਮੁਹੰਮਦ ਅਲੀ ਖ਼ਾਨ ਅੰਸਾਰੀ ਦੀ ਤਾਰੀਖ਼ੇ ਮੁਜ਼ੱਫ਼ਰੀ (1788), ਗ਼ੁਲਾਮ ਹੁਸੈਨ ਦੀ ਸਿਆਰੁਲ ਮੁਤਾਖ਼ਰੀਨ (1836), ਅਲੀ-ਉਦ-ਦੀਨ ਮੁਫ਼ਤੀ ਦੀ ਇਬਰਤਨਾਮਾ (1854), ਗਣੇਸ਼ ਦਾਸ ਵਢੇਰਾ ਦੀ ਚਾਰੇ ਬਾਗ਼ੇ ਪੰਜਾਬ (1855), ਕਨ੍ਹਈਆ ਲਾਲ ਦੀ ਤਾਰੀਖ਼ੇ ਪੰਜਾਬ (1881), ਅਹਿਮਦ ਸ਼ਾਹ ਬਟਾਲੀਆ ਦੀ ਕਿਤਾਬੇ ਹਿੰਦ (1885), ਮੁਹੰਮਦ ਲਤੀਫ਼ ਦੀ ਤਾਰੀਖ਼ੇ ਪੰਜਾਬ, ਐਲੀਅਟ ਐਂਡ ਡਾਊਸਨ ਦੀ ਹਿਸਟਰੀ ਆਫ਼ ਇੰਡੀਆ ਐਜ਼ ਟੋਲਡ ਬਾਏ ਇਟਸ ਹਿਸਟੋਰੀਅਨਜ਼ ਵਰਗੀਆਂ ਫ਼ਾਰਸੀ ਲਿਖਤਾਂ ਵਿਚ ਵੀ ਬੰਦਾ ਸਿੰਘ ਦੇ ਖੰਡੇ ਦੀ ਪਾਹੁਲ ਲੈਣ ਦਾ ਜ਼ਿਕਰ ਹੈ।

4. ਪੰਜਾਬੀ ਸੋਮਿਆਂ ਵਿੱਚੋਂ ਕੇਸਰ ਸਿੰਘ ਛਿਬਰ ਦੀ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਦਾ’ (1769), ਰਤਨ ਸਿੰਘ ਭੰਗੂ ਦਾ ‘ਪ੍ਰਾਚੀਨ ਪੰਥ ਪ੍ਰਕਾਸ਼’ (1808, 1841), ਗਿਆਨੀ ਗਿਆਨ ਸਿੰਘ ਦੀ ਸ਼ਮਸ਼ੀਰ ਖਾਲਸਾ (1880) ਵਿਚ ਵੀ ਪਾਹੁਲ ਦਾ ਜ਼ਿਕਰ ਹੈ। ਕਰਮ ਸਿੰਘ ਹਿਸਟੋਰੀਅਨ ਅਤੇ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ, ਜਿਹੜੇ ਪਹਿਲਾਂ ਪਾਹੁਲ ਬਾਰੇ ਲਿਖਣਾ ਭੁੱਲ ਗਏ ਸਨ, ਨੇ ਵੀ ਨਵੀਆਂ ਐਡੀਸ਼ਨਾਂ ਵਿਚ ਬੰਦਾ ਸਿੰਘ ਦੇ ਪਾਹੁਲ ਲੈਣ ਦਾ ਜ਼ਿਕਰ ਕੀਤਾ ਸੀ।

5. ਕੁਝ ਗ਼ੈਰ-ਆਰੀਆ ਸਮਾਜੀ ਲੇਖਕਾਂ ਨੇ ਵੀ ਬੰਦਾ ਸਿੰਘ ਦੇ ਪਾਹੁਲ ਲੈਣ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਵਿਚ ਰਾਧਾ ਕ੍ਰਿਸ਼ਨ (ਗੋਸ਼ਾ-ਇ-ਪੰਜਾਬ), ਬੇਨੀ ਪਰਸਾਦ (ਗੁਰੂ ਗੋਬਿੰਦ ਸਿੰਘ), ਰਾਜਾ ਵਿਕਰਮ ਸਿੰਹ (ਗੁਰੂ ਗੋਬਿੰਦ ਸਿੰਘ), ਸੁਰਿੰਦਰ ਸ਼ਰਮਾ (ਗੁਰੂ ਗੋਬਿੰਦ ਸਿੰਘ) ਤੇ ਕਈ ਹੋਰ ਸ਼ਾਮਿਲ ਹਨ। ਅੰਗਰੇਜ਼ੀ ਲੇਖਕਾਂ ਵਿੱਚੋਂ ਜੇਮਜ਼ ਬਰਾਊਨ (ਇੰਡੀਅਨ ਟਰੈਕਟਸ), ਮੈਕਗਰੇਗਰ (ਹਿਸਟਰੀ ਆਫ਼ ਦ ਸਿਖਜ਼), ਸੀ. ਐਚ. ਪੇਅਨ (ਦ ਸਿੱਖਜ਼) ਵੀ ਇਸ ਦੀ ਤਾਈਦ ਕਰਦੇ ਹਨ। ਸੋ, ਐਂਟੀ-ਸਿੱਖ ਪ੍ਰਚਾਰਕਾਂ ਨੂੰ ਛੱਡ ਕੇ, ਸਾਰੇ ਇਹ ਮੰਨਦੇ ਹਨ ਕਿ ਬੰਦਾ ਸਿੰਘ ਨੇ ਪਾਹੁਲ ਲਈ ਸੀ ਤੇ ਉਹ ਬੈਰਾਗੀ ਨਹੀਂ ਸੀ ਰਿਹਾ। ਉਂਞ ਵੀ ਜੇ ਉਸ ਨੇ ਪਾਹੁਲ ਨਾ ਲਈ ਹੁੰਦੀ ਤਾਂ ਉਸ ਦਾ ਨਾਂ, ਬੰਦਾ ਸਿੰਘ ਨਹੀਂ, ਮਾਧੋ ਦਾਸ ਜਾਂ ਲਛਮਣ ਦਾਸ ਹੋਣਾ ਸੀ।

6. ਤਵਾਰੀਖ਼ ਵਿਚ ਉਸ ਦਾ ਨਾਂ ਬੰਦਾ ਸਿੰਘ ਬਹਾਦੁਰ ਹੋਣ ਕਰ ਕੇ ਹੀ ਹੈ, ਨਾ ਕਿ ਮਾਧੋ ਦਾਸ (ਜਾ ਲਛਮਣ ਦਾਸ) ਹੋਣ ਕਰ ਕੇ। ਜੇ ਉਹ ਸਿੱਖ ਨਾ ਬਣਦਾ ਤਾਂ ਹੋਰ ਲੱਖਾਂ ਬੈਰਾਗੀਆਂ ਤੇ ਜੋਗੀਆਂ ਵਾਂਗ ਉਹ ਵੀ ਇਸ ਦੁਨੀਆਂ ਤੋਂ ਟੁਰ ਗਿਆ ਹੁੰਦਾ ਤੇ ਉਸ ਨੂੰ ਕੋਈ ਨਾ ਜਾਣਦਾ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਥਾਪੜੇ ਨੇ, ਦੁਨੀਆਂ ਛੱਡ ਚੁਕੇ, ਬੇਮਾਅਨਾ ਜ਼ਿੰਦਗੀ ਜੀਅ ਰਹੇ, ਇਕ ਨਕਾਰੇ ਜਿਹੇ, ਪਾਖੰਡੀ ਤੇ ਹੰਕਾਰੇ ਹੋਏ, ਬੈਰਾਗੀ ਨੂੰ ਦੁਨੀਆਂ ਦੀ ਤਵਾਰੀਖ਼ ਦਾ ਇਕ ਲਾਸਾਨੀ ਹੀਰੋ ਬਣਾ ਦਿੱਤਾ)। ਖੰਡੇ ਦੀ ਪਾਹੁਲ ਲੈ ਕੇ, ਹਿਰਨੀ ਤੇ ਬਕਰੇ ਮਾਰੇ ਜਾਣ ਤੋਂ ਵੀ ਤਰਬ੍ਹਕ ਜਾਣ ਵਾਲਾ ‘ਮਾਧੋ ਦਾਸ ਉਰਫ਼ ਲਛਮਣ ਦਾਸ’ ਇਕ ਦਲੇਰ, ਨਿਡਰ, ਬਹਾਦਰ ਜਰਨੈਲ ਬਣ ਗਿਆ। ਬੈਰਾਗੀ ਬਣ ਕੇ ਉਹ ਕੁਝ ਵੀ ਨਹੀਂ ਸੀ ਬਣ ਸਕਿਆ ਪਰ ਪਾਹੁਲ ਲੈ ਕੇ ਉਹ ਅਜ਼ੀਮ ਹਸਤੀ ਬਣ ਗਿਆ।

7. ਇਕ ਦਿਲਚਸਪ ਗੱਲ ਇਹ ਹੈ ਕਿ 1708 ਵਿਚ ਬੰਦਾ ਸਿੰਘ ਨਾਲ ਇਕ ਵੀ ਬੈਰਾਗੀ ਨਹੀਂ ਸੀ ਗਿਆ। ਉਂਞ ਉਸ ਤੋਂ ਮਗਰੋਂ ਵੀ ਕੋਈ ਬੈਰਾਗੀ ਨਹੀਂ ਉਠਿਆ, ਜੋ ਮੁਲਕ ਵਿਚ ਵਰਤ ਰਹੇ ਹਨੇਰ ਦੇ ਖ਼ਿਲਾਫ਼ ਉਠ ਸਕੇ। ਜਦ ਪੰਜਾਬ ਵਿਚ ਘੱਲੂਘਾਰੇ ਵਰਤ ਰਹੇ ਸਨ ਤਾਂ ਇਹ ਬੈਰਾਗੀ ਉਦੋਂ ਕਿਤੇ ਨਜ਼ਰ ਨਹੀਂ ਆਏ। ਇਹ ਬੈਰਾਗੀ ਤਾਂ ਮੈਦਾਨ ਛੱਡ ਕੇ ਭੱਜੇ ਹੋਏ ਸਨ ਪਰ ਖੰਡੇ ਦੀ ਪਾਹੁਲ ਲੈਣ ਵਾਲੇ ਸਾਬਕਾ ਬੈਰਾਗੀ ਨੇ ਪੰਜਾਬ ਦਾ ਨਕਸ਼ਾ ਬਦਲ ਦਿੱਤਾ ਤੇ ਦੁਨੀਆਂ ਭਰ ਦੇ ਤਸੀਹੇ ਸਹਿ ਕੇ ਵੀ ਉਫ਼ ਤਕ ਵੀ ਨਾ ਕੀਤੀ ਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ (ਦੂਜੇ ਪਾਸੇ ਸ਼ਿਵਾਜੀ ਮਰਹੱਟਾ ਦਾ ਜੁਆਈ ਵੀ, ਮਰਨੋਂ ਡਰਦਾ, ਮੁਸਲਮਾਨ ਬਣ ਗਿਆ ਸੀ)।

8. ਪਾਹੁਲ ਦੇਣ ਮਗਰੋਂ ਗੁਰੂ ਜੀ ਨੇ ਬੰਦਾ ਸਿੰਘ (ਮਾਧੋ ਦਾਸ) ਨੂੰ ਪੰਜਾਬ ਦੀ ਹਾਲਤ ਬਿਆਨ ਕੀਤੀ। ਉਨ੍ਹਾਂ ਨੇ ਅਨੰਦਪੁਰ ਸਾਹਿਬ ’ਤੇ ਪਹਾੜੀਆਂ ਅਤੇ ਮੁਗ਼ਲਾਂ ਦੇ ਹਮਲਿਆਂ, ਸਿੱਖਾਂ ਦੇ ਉੱਥੋਂ ਨਿਕਲਣ, ਤਲਵੰਡੀ ਸਾਬੋ ਪੁੱਜਣ ਅਤੇ ਬਹਾਦਰ ਸ਼ਾਹ ਦੀ ਬਦਨੀਅਤੀ ਦੀ ਤਫ਼ਸੀਲ ਦੱਸੀ। ਉਨ੍ਹਾਂ ਨੇ ਮੁਗ਼ਲਾਂ ਦੇ ਜ਼ੁਲਮਾਂ ਦੀ ਕਹਾਣੀ ਵੀ ਸੁਣਾਈ। ਇਹ ਸਭ ਸੁਣ ਕੇ ਬੰਦਾ ਸਿੰਘ ਦਾ ਚਿਹਰਾ ਉੁਦਾਸ ਹੋ ਗਿਆ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਇਹ ਵੇਲਾ ਉਦਾਸ ਜਾਂ ਨਿੰਮੋਝੂਣਾ ਹੋਣ ਦਾ ਨਹੀਂ ਬਲਕਿ ਇਸ ਜ਼ੁਲਮ ਦਾ ਨਾਸ ਕਰਨ ਦਾ ਹੈ। ਬੰਦਾ ਸਿੰਘ ਨੇ ਇਕ ਦਮ ਕਿਹਾ “ਮੈਂ ਤਾਂ ਹੁਣ ਆਪ ਜੀ ਦਾ ਬੰਦਾ ਹਾਂ ਮੈਨੂੰ ਹੁਕਮ ਕਰੋ।” ਗੁਰੂ ਜੀ ਨੇ ਉਸ ਨੂੰ ਆਖਿਆ ਕਿ ਉਹ ਜ਼ਾਲਮਾਂ ਨੂੰ ਸਜ਼ਾ ਦੇਣ ਵਾਸਤੇ ਫ਼ੌਜ ਦੀ ਜਥੇਦਾਰੀ ਸੰਭਾਲੇ। ਬੰਦਾ ਸਿੰਘ ਨੇ ਇਕ ਦਮ ਆਪਣੀ ਰਜ਼ਾਮੰਦੀ ਜ਼ਾਹਿਰ ਕਰ ਦਿਤੀ। ਤਕਰੀਬਨ ਇਕ ਮਹੀਨਾ ਗੁਰੂ ਸਾਹਿਬ ਬੰਦਾ ਸਿੰਘ ਨੂੰ ਸਿੱਖ ਫ਼ਿਲਾਸਫ਼ੀ ਅਤੇ ਤਵਾਰੀਖ਼ ਸਮਝਾਉਂਦੇ ਰਹੇ ਤੇ ਨਾਲ ਹੀ ਉਸ ਦੇ ਸਿੱਖੇ ਸਬਕ ਦਾ ਇਮਤਿਹਾਨ ਵੀ ਲੈਂਦੇ ਰਹੇ ਸਨ। (ਕਿਤਾਬ 'ਸਿੱਖ ਤਵਾਰੀਖ਼' ਵਿਚੋਂ)

 

Have something to say? Post your comment

 
 
 
 
 
Subscribe