ਆਸਾ ਮਹਲਾ ੫ ਇਕਤੁਕੇ ਚਉਪਦੇ ॥
ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥ ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥ ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥ ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥ ਚਾਰਿ ਪਹਰ ਚਹੁ ਜੁਗਹ ਸਮਾਨੇ ॥ ਰੈਣਿ ਭਈ ਤਬ ਅੰਤੁ ਨ ਜਾਨੇ ॥੨॥ ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥ ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥ ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ ਆਤਮੁ ਚੀਨ੍ਹ੍ਹਿ ਪਰਮ ਸੁਖੁ ਪਾਇਆ ॥੪॥੧੫॥ {ਪੰਨਾ 374-375}
ਅਰਥ: (ਹੇ ਭਾਈ! ਪ੍ਰਭੂ-ਪਤੀ ਦੇ ਵਿਛੋੜੇ ਵਿਚ) ਇਕ ਪਲ ਭੀ ਇਕ ਦਿਨ ਭੀ ਮੈਨੂੰ (ਇਉਂ ਜਾਪਦਾ ਹੈ ਕਿ) ਕਦੇ ਮੁੱਕਦਾ ਹੀ ਨਹੀਂ। ਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ।1। ਰਹਾਉ।
(ਹੇ ਭਾਈ!) ਦਿਨ ਦੀ ਇਕ ਘੜੀ ਭੀ (ਪ੍ਰਭੂ-ਪਤੀ ਦੇ ਵਿਛੋੜੇ ਵਿਚ) ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ (ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ) ਮੇਰਾ ਮਨ ਧੀਰਜ ਨਹੀਂ ਫੜਦਾ (ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ) ਪਿਆਰੇ ਨੂੰ ਕਿਵੇਂ ਮਿਲਾਂ।1।
(ਦਿਨ ਦੇ) ਚਾਰ ਪਹਰ (ਵਿਛੋੜੇ ਵਿਚ ਮੈਨੂੰ) ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ, ਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਉਹ ਮੁੱਕਣ ਵਿਚ ਨਹੀਂ ਆਉਂਦੀ।2।
(ਕਾਮਾਦਿਕ) ਪੰਜਾਂ ਵੈਰੀਆਂ ਨੇ ਮਿਲ ਕੇ (ਜਿਸ ਭੀ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਤੋਂ ਵਿਛੋੜਿਆ ਹੈ ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛੁਤਾਂਦੀ ਹੈ।3।
ਹੇ ਦਾਸ ਨਾਨਕ! (ਜਿਸ ਜੀਵ ਨੂੰ) ਪਰਮਾਤਮਾ ਨੇ ਦਰਸਨ ਦਿੱਤਾ ਉਸ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ।4।15।