ਵੈਨਕੂਵਰ (ਏਜੰਸੀਆਂ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਦੀ ਫ਼ੈਡਰਲ ਸਰਕਾਰ ਵਲੋਂ ਲਏ ਗਏ ਇਕ ਅਹਿਮ ਫ਼ੈਸਲੇ ਵਿਚ ਸੀ.ਆਰ.ਐਸ. ਸਕੋਰ 75 ਪੁਆਇੰਟਾਂ ’ਤੇ ਲਿਆ ਕੇ 27, 332 ਕੱਚੇ ਲੋਕਾਂ ਨੂੰ ਪੀ.ਆਰ. ਦੇਣ ਦੇ ਫ਼ੈਸਲੇ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਇਕੋ ਸਮੇਂ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਪੀ.ਆਰ. ਹੋਣ ਦਾ ਮੌਕਾ ਦਿਤਾ ਗਿਆ ਹੈ। ਇਹ ਵੀ ਦਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਐਤਕੀ ਕੈਨੇਡਾ ਸਰਕਾਰ ਵਲੋਂ ਜਿਥੇ ਅਪਣਾ ਇਮੀਗ੍ਰੇਸ਼ਨ ਟੀਚਾ ਪੂਰਾ ਕਰਨ ਵਿਚ ਮੁਸ਼ਕਲਾਂ ਆਉਣ ਦਾ ਕਿਆਸ ਕੀਤਾ ਜਾ ਰਿਹਾ ਸੀ, ਉਥੇ ਇਸ ਦੇ ਨਾਲ-ਨਾਲ ਪੀ.ਆਰ. ਲੈਣ ਦੇ ਚਾਹਵਾਨ ਉਮੀਦਵਾਰਾਂ ’ਚ ਇਮੀਗ੍ਰੇਸ਼ਨ ਸਬੰਧੀ ਨਿਰਧਾਰਤ ਕੀਤੇ ਅੰਕਾਂ ਦਾ ਸਕੋਰ ਕਾਫ਼ੀ ਉੱਚਾ ਹੋਣ ਕਾਰਨ ਉਨ੍ਹਾਂ ਨੂੰ ਪੱਕੇ ਹੋਣ ਵਿਚ ਕਾਫ਼ੀ ਮੁਸ਼ਕਲ ਆ ਰਹੀ ਸੀ। ਜਾਣਕਾਰੀ ਮੁਤਾਬਕ ਸਾਲ 2021-2023 ਦੌਰਾਨ ਸਰਕਾਰ ਵਲੋਂ 4 ਲੱਖ ਦੇ ਕਰੀਬ ਹੁਨਰਮੰਦ ਲੋਕਾਂ ਨੂੰ ਕੈਨੇਡਾ ਬੁਲਾਉਣ ਦੀਆਂ ਕਿਆਸ ਅਰਾਈਆਂ ਹਨ।