ਚੰਡੀਗੜ੍ਹ : ਸੂਬਾ ਚੋਣ ਕਮਿਸ਼ਨ ਵੱਲੋਂ ਅੱਜ ਪਟਿਆਲਾ ਦੇ ਨਗਰ ਕੌਂਸਲ ਪਾਤੜਾਂ ਤੇ ਸਮਾਣਾ ਦੇ 3 ਬੂਥਾਂ ’ਤੇ ਮੁੜ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ’ਚ ਪਾਤੜਾਂ ਦੇ ਰਿਟਰਨਿੰਗ ਅਫਸਰ ਵੱਲੋਂ ਵਾਰਡ ਨੰਬਰ-8 ਦੇ ਬੂਥ ਨੰਬਰ-11 ’ਚ ਵੋਟਾਂ ਦੌਰਾਨ ਈਵੀਐਮ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਹਲਕੇ ਦੇ ਰਿਟਰਨਿੰਗ ਅਫਸਰ ਵੱਲੋਂ ਵੀ ਸਮਾਣਾ ਦੇ ਵਾਰਡ ਨੰਬਰ-11 ਦੇ ਬੂਥ ਨੰਬਰ-22 ਅਤੇ 23 ’ਚ ਈਵੀਐਮ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ। ਬੁਲਾਰੇ ਨੇ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਇਨ੍ਹਾਂ ਤਿੰਨਾਂ ਬੂਥਾਂ ’ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਬੂਥਾਂ ’ਤੇ ਹੁਣ 16 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋਂ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਅਤੇ ਗਿਣਤੀ 17 ਫਰਵਰੀ, 2021 ਨੂੰ ਹੋਵੇਗੀ।